ਦੇਹਰਾਦੂਨ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਇਸ ਮਹੀਨੇ ਦੇ ਸ਼ੁਰੂ ’ਚ ਆਈ ਕੁਦਰਤੀ ਆਫ਼ਤ ’ਚ ਲਾਪਤਾ 136 ਵਿਅਕਤੀਆਂ ਨੂੰ ਮ੍ਰਿਤਕ ਐਲਾਨਣ ਲਈ ਸੂਬਾ ਸਰਕਾਰ ਨੇ ਪ੍ਰਕਿਰਿਆ ਤੈਅ ਕਰ ਦਿੱਤੀ ਹੈ। ਇਸ ਸਬੰਧ ’ਚ ਸਿਹਤ ਸਕੱਤਰ ਅਮਿਤ ਨੇਗੀ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਜਨਮ ਤੇ ਮ੍ਰਿਤੂ ਰਜਿਸਟਰੇਸ਼ਨ ਅਧਿਕਾਰੀਆਂ ਨੂੰ ਸਰਕੁਲਰ ਜਾਰੀ ਕਰਕੇ 7 ਫਰਵਰੀ ਨੂੰ ਆਈ ਆਫ਼ਤ ਦੌਰਾਨ ਲਾਪਤਾ ਹੋਏ ਵਿਅਕਤੀਆਂ ਦੇ ਮੌਤ ਸਰਟੀਫਿਕੇਟ ਜਾਰੀ ਕਰਨ ਦੇ ਸਬੰਧ ’ਚ ਨਿਰਧਾਰਿਤ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਗਈ ਹੈ। ਉਂਜ ਕਿਸੇ ਵਿਅਕਤੀ ਦੇ ਸੱਤ ਸਾਲ ਲਾਪਤਾ ਰਹਿਣ ਮਗਰੋਂ ਉਸ ਨੂੰ ਮ੍ਰਿਤਕ ਐਲਾਨਿਆ ਜਾਂਦਾ ਹੈ ਪਰ ਉੱਤਰਾਖੰਡ ’ਚ ਆਫ਼ਤ ਜਿਹੇ ਖਾਸ ਮੌਕਿਆਂ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਦੇ ਉਦੇਸ਼ ਨਾਲ ਇਹ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। -ਪੀਟੀਆਈ