ਰੁਦਰਪ੍ਰਯਾਗ, 30 ਮਈ
ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਪੈਂਦੇ ਪਾਂਡਵ ਸ਼ੇਰਾ ਵਿੱਚ ਕੁਝ ਦਿਨਾਂ ਤੋਂ ਫਸੇ ਤਿੰਨ ਟਰੈਕਰਾਂ ਸਣੇ 7 ਜਣਿਆਂ ਨੂੰ ਅੱਜ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਅ ਲਿਆ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਬਚਾਅ ਅਪਰੇਸ਼ਨ ਤੜਕੇ 5.30 ਸ਼ੁਰੂ ਹੋਇਆ ਅਤੇ ਫਸੇ ਹੋਏ 7 ਜਣਿਆਂ ਨੂੰ ਬਚਾਅ ਕੇ 6.45 ਵਜੇ ਗੌਚਰ ਹੈਲੀਪੈਡ ’ਤੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਟਰੈਕਰਾਂ ਸੀਨਿਵਾਸਨ, ਗਾਜ਼ੀਆਬਾਦ ਅਤੇ ਅਜੈ ਸਿੰਘ ਗੋਰਖਪੁਰ (ਦੋਵੇਂ ਉੱਤਰ ਪ੍ਰਦੇਸ਼) ਅਤੇ ਅਜੈ ਨੇਗੀ ਜ਼ਿਲ੍ਹਾ ਪੌੜੀ (ਉੱਤਰਾਖੰਡ) ਨੂੰ ਕੋਈ ਵੀ ਸੱਟ ਨਹੀਂ ਲੱਗੀ। ਬਾਕੀ ਚਾਰ ਜਣੇ ਕੁਲੀ ਸਨ ਜਿਹੜੇ ਕਿ ਆਪਣੇ ਪਿੰਡ ਰਾਸੀ (ਜ਼ਿਲ੍ਹਾ ਰੁਦਰਪ੍ਰਯਾਗ) ਨੂੰ ਵਾਪਸ ਚਲੇ ਗਏ ਹਨ। ਰਾਜਵਰ ਨੇ ਦੱਸਿਆ ਕਿ ਤਿੰਨੋਂ ਟਰੈਕਰ ਪ੍ਰਸ਼ਾਸਨ ਤੋਂ ਆਗਿਆ ਲਏ ਬਿਨਾਂ ਹੀ ਕੁਲੀਆਂ ਨਾਲ 21 ਮਈ ਨੂੰ ਪਾਂਡਵ ਸ਼ੇਰਾ ਦੀ ਯਾਤਰਾ ’ਤੇ ਚਲੇ ਗਏ ਸਨ ਅਤੇ ਖਰਾਬ ਮੌਸਮ ਤੇ ਮੀਂਹ ਕਾਰਨ ਉੱਥੇ ਫਸ ਗਏ। ਜਦੋਂ ਉਨ੍ਹਾਂ ਕੋਲੋਂ ਖਾਣਾ ਪਾਣੀ ਮੁੱਕ ਗਿਆ ਤਾਂ ਕੁਲੀਆਂ ਨੇ ਇਸ ਬਾਰੇ ਆਪਣੇ ਪਿੰਡ ਦੇ ਸਾਥੀਆਂ ਨੂੰ ਦੱਸਿਆ। ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਗਈ ਜਿਸ ਮਗਰੋਂ ਐਤਵਾਰ ਨੂੰ ਉਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। -ਪੀਟੀਆਈ