ਦੇਹਰਾਦੂਨ, 21 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਤਰਾਖੰਡ ਦੇ ਕੇਦਾਰਨਾਥ ਧਾਮ ਪੁੱਜੇ, ਜਿੱਥੇ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ।ਇਸ ‘ਚ ਗੌਰੀਕੁੰਡ ਤੋਂ ਕੇਦਾਰਨਾਥ ਰੋਪਵੇਅ, ਗੋਵਿੰਦਘਾਟ ਤੋਂ ਹੇਮਕੁੰਟ ਰੋਪਵੇਅ, ਮਾਨਾ-ਮਾਨਪਾਸ ਰਾਸ਼ਟਰੀ ਰਾਜਮਾਰਗ ਨੂੰ ਚੌੜਾ ਕਰਨਾ ਅਤੇ ਜੋਸ਼ੀਮਠ-ਮਾਲਾਰੀ ਰਾਸ਼ਟਰੀ ਰਾਜਮਾਰਗ ਨੂੰ ਚੌੜਾ ਕਰਨ ਵਰਗੇ ਚਾਰ ਵੱਡੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਕੇਦਾਰਨਾਥ ਤੋਂ ਆਪਣੇ ਦੋ ਦਿਨਾਂ ਉਤਰਾਖੰਡ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਹੈਲੀਪੈਡ ਤੋਂ ਸਿੱਧਾ ਮੰਦਰ ਪਹੁੰਚੇ। ਇਸ ਦੌਰਾਨ ਪੁਜਾਰੀਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਅੱਗੇ ਲਿਜਾਣ ਲਈ ਬਲ ਬਖਸ਼ਣ। ਸ੍ਰੀ ਮੋਦੀ ਦੀ ਫੇਰੀ ਦੇ ਮੱਦੇਨਜ਼ਰ ਕੇਦਾਰਨਾਥ ਮੰਦਰ ਨੂੰ ਕਈ ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਤੋਂ ਬਾਅਦ ਸ੍ਰੀ ਮੋਦੀ ਚਮੋਲੀ ਸਥਿਤ ਬਦਰੀਨਾਥ ਮੰਦਰ ਪੁੱਜੇ।
ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪਹਿਨੀ ਸਫ਼ੈਦ ਰੰਗ ਦੀ ਪਹਾੜੀ ਪੁਸ਼ਾਕ ਅਤੇ ਪਹਾੜੀ ਟੋਪੀ ਨੇ ਸਾਰਿਆਂ ਦਾ ਧਿਆਨ ਖਿੱਚਿਆ। ਮੰਦਰ ‘ਚ ਪੂਜਾ ਲਈ ਬੈਠੇ ਮੋਦੀ ਦੇ ਪਹਿਰਾਵੇ ‘ਤੇ ਸਵਾਸਤਿਕ ਦਾ ਪ੍ਰਤੀਕ ਵੀ ਨਜ਼ਰ ਆਇਆ।