ਦੇਹਰਾਦੂਨ, 9 ਫਰਵਰੀ
ਭਾਜਪਾ ਨੇ ਅੱਜ ਵਾਅਦਾ ਕੀਤਾ ਕਿ ਜੇ ਪਾਰਟੀ ਉੱਤਰਾਖੰਡ ਵਿਚ ਮੁੜ ਸਰਕਾਰ ਬਣਾਉਂਦੀ ਹੈ ਤਾਂ ਰਾਜ ਦੇ ਗਰੀਬ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਅਦਾ ਕੀਤੇ ਜਾਣਗੇ। ਪਾਰਟੀ ਨੇ ਕਿਹਾ ਕਿ ਇਹ ਰਾਸ਼ੀ ‘ਪੀਐਮ ਕਿਸਾਨ ਸੰਮਾਨ ਨਿਧੀ’ ਤਹਿਤ ਦਿੱਤੇ ਜਾਣ ਵਾਲੇ ਪੈਸੇ ਤੋਂ ਵੱਖ ਹੋਵੇਗੀ। ਉੱਤਰਾਖੰਡ ਲਈ ਭਾਜਪਾ ਦਾ ਮੈਨੀਫੈਸਟੋ ਰਿਲੀਜ਼ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵਾਅਦਾ ਕੀਤਾ ਕਿ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੀਆਂ ਮਹਿਲਾ ਮੁਖੀਆਂ ਨੂੰ ਵੀ ਪਾਰਟੀ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ। ਨਿੱਕੇ ਬੱਚਿਆਂ ਦੀ ਸਾਂਭ-ਸੰਭਾਲ ਲਈ ਇਕ ਹਜ਼ਾਰ ਰੁਪਏ ਵਾਧੂ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪੀਐਮ-ਕਿਸਾਨ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ ਪਹਿਲਾਂ ਹੀ ਬਰਾਬਰ ਤਿੰਨ ਕਿਸ਼ਤਾਂ ਵਿਚ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ। ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਭਾਜਪਾ ਨੇ ਬੁਨਿਆਦੀ ਢਾਂਚਾ ਵਿਕਾਸ, ਸੈਰ-ਸਪਾਟਾ, ਪ੍ਰਵਾਸ ਰੋਕਣ, ਰੁਜ਼ਗਾਰ ਪੈਦਾ ਕਰਨ, ਮਹਿਲਾਵਾਂ ਤੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ, ਬਾਗ਼ਬਾਨੀ ਤੇ ਡੇਅਰੀ ਵਿਕਾਸ ਦਾ ਵਾਅਦਾ ਵੀ ਕੀਤਾ ਹੈ। ‘ਦ੍ਰਿਸ਼ਟੀ ਪੱਤਰ, 2022’ ਵਿਚ ਭਾਜਪਾ ਨੇ ਕਿਹਾ ਹੈ ਕਿ ਪਹਾੜੀ ਜ਼ਿਲ੍ਹਿਆਂ ਵਿਚ ਜਨਸੰਖਿਆ ਦੇ ਸਮੀਕਰਨਾਂ ਵਿਚ ਆ ਰਹੀਆਂ ਤਬਦੀਲੀਆਂ ਨੂੰ ਵਿਚਾਰਨ ਲਈ ਇਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਜਾਵੇਗੀ। ਮਹਿਲਾਵਾਂ ਦੇ ਸਵੈ-ਸੇਵੀ ਗਰੁੱਪਾਂ ਲਈ 500 ਕਰੋੜ ਰੁਪਏ ਦਾ ਇਕ ਵੱਖਰਾ ਫੰਡ ਰੱਖਿਆ ਜਾਵੇਗਾ। ਡੇਅਰੀ ਵਿਕਾਸ ਤੇ ਬਾਗਬਾਨੀ ਲਈ 500 ਕਰੋੜ ਰੁਪਏ ਰੱਖਣ ਦਾ ਵਾਅਦਾ ਵੀ ਕੀਤਾ ਗਿਆ ਹੈ। ਉੱਤਰਾਖੰਡ ਲਈ ਜਾਰੀ ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਸਰਹੱਦੀ ਪਿੰਡਾਂ ਵਿਚ ਰਹਿਣ ਵਾਲਿਆਂ ਨੂੰ ਸਾਰੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਇਸ ਲਈ ‘ਹਿਮ ਪ੍ਰਹਾਰੀ’ ਯੋਜਨਾ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਬਕਾ ਸੈਨਿਕਾਂ ਲਈ ਕਰੈਡਿਟ ਗਾਰੰਟੀ ਫੰਡ ਟਰੱਸਟ ਦਾ ਵੀ ਵਾਅਦਾ ਕੀਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਮੈਨੀਫੈਸਟੋ ਦੇ ਤਿੰਨ ਮਹੱਤਵਪੂਰਨ ਥੰਮ੍ਹ ਹਨ- ਨੈਤਿਕਤਾ, ਆਰਥਿਕਤਾ ਤੇ ਵਾਤਾਵਰਨ।’ ਮੈਨੀਫੈਸਟੋ ਕਮੇਟੀ ਦੇ ਕੋਆਰਡੀਨੇਟਰ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਲਈ ਸੂਬੇ ਦੇ 70 ਹਲਕਿਆਂ ਦੇ ਲੋਕਾਂ ਤੋਂ ਸੁਝਾਅ ਲਏ ਗਏ ਹਨ। ਸਮਾਜ ਦੇ ਹਰ ਵਰਗ ਨੂੰ ਇਸ ਵਿਚ ਥਾਂ ਦਿੱਤੀ ਗਈ ਹੈ। -ਪੀਟੀਆਈ