ਨੈਨੀਤਾਲ: ਉੱਤਰਾਖੰਡ ਹਾਈ ਕੋਰਟ ਨੇ ਹਰਿਦੁਆਰ ਜ਼ਿਲ੍ਹੇ ਵਿਚ ਬੁੱਚੜਖਾਨਿਆਂ ’ਤੇ ਰੋਕ ਲਾਉਣ ਸਬੰਧੀ ਫ਼ੈਸਲੇ ਦੀ ਸੰਵਿਧਾਨਕਤਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਕ ਸੱਭਿਅਤਾ ਦਾ ਪਤਾ ਘੱਟ ਗਿਣਤੀਆਂ ਨਾਲ ਕੀਤੇ ਜਾਣ ਵਾਲੇ ਵਿਵਹਾਰ ਤੋਂ ਲੱਗਦਾ ਹੈ। ਹਰਿਦੁਆਰ ਜ਼ਿਲ੍ਹੇ ਵਿਚ ਬੁੱਚੜਖਾਨਿਆਂ ’ਤੇ ਰੋਕ ਲਾਉਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਮੰਗਲੌਰ ਕਸਬੇ ਦੇ ਇਕ ਵਸਨੀਕ ਵੱਲੋਂ ਦਾਇਰ ਕੀਤੀ ਗਈ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਆਰ.ਐੱਸ. ਚੌਹਾਨ ਤੇ ਜਸਟਿਸ ਆਲੋਕ ਕੁਮਾਰ ਦੇ ਇਕ ਡਿਵੀਜ਼ਨ ਬੈਂਚ ਨੇ ਕਿਹਾ, ‘‘ਲੋਕਤੰਤਰ ਦਾ ਮਤਲਬ ਹੈ ਘੱਟ ਗਿਣਤੀਆਂ ਦੀ ਰੱਖਿਆ। ਇਕ ਸਭਿਅਤਾ ਦਾ ਮੁਲਾਂਕਣ ਸਿਰਫ਼ ਇਸ ਗੱਲ ਤੋਂ ਕੀਤਾ ਜਾ ਸਕਦਾ ਹੈ ਕਿ ਘੱਟ ਗਿਣਤੀਆਂ ਨਾਲ ਕਿਵੇਂ ਦਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਹਰਿਦੁਆਰ ਵਰਗੀ ਪਾਬੰਦੀ ਨਾਲ ਸਵਾਲ ਉੱਠਦਾ ਹੈ ਕਿ ਸੂਬਾ ਕਿਸ ਹੱਦ ਤੱਕ ਨਾਗਰਿਕਾਂ ਦੇ ਬਦਲ ਤੈਅ ਕਰ ਸਕਦਾ ਹੈ।’’ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਾਬੰਦੀ ਨਿੱਜਤਾ ਦੇ ਅਧਿਕਾਰ, ਜਿਊਣ ਦੇ ਅਧਿਕਾਰ, ਆਜ਼ਾਦੀ ਨਾਲ ਆਪਣੇ ਰੀਤੀ-ਰਿਵਾਜ਼ਾਂ ਨੂੰ ਮੰਨਣ ਦੇ ਅਧਿਕਾਰ ਦਾ ਉਲੰਘਣ ਕਰਦੀ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਜੁਲਾਈ ਦੀ ਤਰੀਕ ਤੈਅ ਕੀਤੀ ਹੈ। -ਪੀਟੀਆਈ