ਦਿੱਲੀ/ਦੇਹਰਾਦੂਨ, 8 ਫਰਵਰੀ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਬਰਫ਼ ਦੇ ਵੱਡੇ ਤੋਦੇ ਨਾਲ ਡਿੱਗਣ ਨਾਲ ਮਚੀ ਤਬਾਹੀ ਮਗਰੋਂ ਇਸ ਪੂਰੇ ਹਾਦਸੇ ਦੀ ਵਿਆਪਕ ਸਮੀਖਿਆ ਲਈ ਸੂਬਾ ਸਰਕਾਰ ਵੱਲੋਂ ਇਸਰੋ ਮਾਹਿਰਾਂ ਤੇ ਡੀਆਰਡੀਓ ਟੀਮ ਦੀ ਮਦਦ ਲਈ ਜਾ ਰਹੀ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਇਸ ਪੂਰੇ ਹਾਦਸੇ ਦੀ ਵਿਆਪਕ ਸਮੀਖਿਆ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਉਨ੍ਹਾਂ ਕਿਹਾ ਕਿ ਡੀਆਰਡੀਓ ਦੀ ਟੀਮ ਹਾਦਸੇ ਦੇ ਕਾਰਨਾਂ ਦੀ ਘੋਖ ਕਰ ਰਹੀ ਹੈ ਤੇ ਇਸਰੋ ਵਿਗਿਆਨੀਆਂ ਤੇ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੀੜਤ ਲੋਕਾਂ ਤੱਕ ਖਾਣਾ ਤੇ ਹੋਰ ਸਹਾਇਤਾ ਪੁੱਜਦੀ ਕਰਨੀ ਸੂਬਾ ਸਰਕਾਰ ਦੀ ਸਿਖਰਲੀ ਤਰਜੀਹ ਹੈ। ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਤ੍ਰਿਵੇਂਦਰ ਰਾਵਤ ਨੇ ਕਿਹਾ ਕਿ ਪਹਿਲੇ ਨਜ਼ਰੇ ਇਹ ਹਾਦਸਾ ਬਰਫ਼ ਦੇ ਤੋਦੇ ਡਿੱਗਣ ਕਰਕੇ ਵਾਪਰਿਆ ਲਗਦਾ ਹੈ ਅਤੇ ਮੁੱਖ ਸਕੱਤਰ ਨੂੰ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।
ਰਾਵਤ ਨੇ ਕਿਹਾ, ‘ਡੀਆਰਡੀਓ ਦੀ ਇਕ ਟੀਮ ਇਸ ਦੁਖਾਂਤ ਦੇ ਕਾਰਨਾਂ ਨੂੰ ਘੋਖ ਰਹੀ ਹੈ ਤੇ ਅਸੀਂ ਇਸਰੋ ਵਿਗਿਆਨੀਆਂ ਤੇ ਮਾਹਿਰਾਂ ਦੀ ਵੀ ਮਦਦ ਮੰਗੀ ਹੈ।’ ਰਾਵਤ ਨੇ ਕਿਹਾ ਕਿ ਵਿਆਪਕ ਸਮੀਖਿਆ ਮਗਰੋਂ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਮਗਰੋਂ ‘ਅਸੀਂ ਭਵਿੱਖ ਵਿੱਚ ਅਜਿਹੇ ਕਿਸੇ ਹਾਦਸੇ ਨੂੰ ਟਾਲਣ ਲਈ ਵਿਸਥਾਰਤ ਯੋਜਨਾ ਬਣਾਵਾਂਗੇ।’ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਉਨ੍ਹਾਂ ਕਿਹਾ, ‘ਅਸੀਂ ਪੀੜਤਾਂ ਨੂੰ ਸਿਹਤ ਸੰਭਾਲ ਨਾਲ ਜੁੜੀਆਂ ਸਹੂਲਤਾਂ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਹਨ। ਸਭ ਤੋਂ ਜ਼ਰੂਰੀ, ਜਿਨ੍ਹਾਂ ਪਿੰਡਾਂ ਨਾਲ ਸੰਪਰਕ ਟੁੱਟ ਚੁੱਕਾ ਹੈ ਉਨ੍ਹਾਂ ਨਾਲ ਮੁੜ ਸੰਪਰਕ ਸਾਧਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’
ਮੁੱਖ ਮੰਤਰੀ ਨੇ ਕਿਹਾ ਕਿ ਆਰਥਿਕ ਨੁਕਸਾਨ ਦਾ ਅਨੁਮਾਨ ਬਾਅਦ ਵਿੱਚ ਲਾਇਆ ਜਾਵੇਗਾ, ਕਿਉਂਕਿ ਹਾਲ ਦੀ ਘੜੀ ਸਰਕਾਰ ਦੀ ਸਿਖਰਲੀ ਤਰਜੀਹ ਵੱਧ ਤੋਂ ਵੱਧ ਜਾਨਾਂ ਬਚਾਉਣ ਤੇ ਘਰੋਂ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਦੀ ਹੈ। -ਪੀਟੀਆਈ