ਦੇਹਰਾਦੂਨ/ਤਪੋਵਨ, 10 ਫਰਵਰੀ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਰਿਸ਼ੀਗੰਗਾ ਪਣਬਿਜਲੀ ਪ੍ਰਾਜੈਕਟ ਦੀ ਸੁਰੰਗ ਵਿੱਚ ਫਸੇ 25 ਤੋਂ 35 ਕਾਮਿਆਂ ਨੂੰ ਕੱਢਣ ਲਈ ਅੱਜ ਵੀ ਯਤਨ ਜਾਰੀ ਰਹੇ। ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਵੱਲੋਂ ਸੁਰੰਗ ਵਿੱਚ ਫਸੇ ਕਾਮਿਆਂ ਦਾ ਥਹੁ-ਪਤਾ ਲਾਉਣ ਲਈ ਡਰੋਨ ਤੇ ਰਿਮੋਟ ਸੈਂਸਿੰਗ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ। ਦੇਹਰਾਦੂਨ ਸਥਿਤ ਸਟੇਟ ਐਮਰਜੈਂਸੀ ਕੰਟਰੋਲ ਸੈਂਟਰ ਨੇ ਕਿਹਾ ਕਿ ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਚਮੋਲੀ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੋਂ ਹੁਣ ਤੱਕ 32 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਅੱਠ ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ 174 ਲੋਕ ਅਜੇ ਵੀ ਲਾਪਤਾ ਹਨ। ਉੱਤਰਾਖੰਡ ਪੁਲੀਸ ਦੇ ਮੁੱਖ ਤਰਜਮਾਨ ਡੀਆਈਜੀ ਨਿਲੇਸ਼ ਆਨੰਦ ਭਰਨੇ ਨੇ ਕਿਹਾ, ‘ਸਾਡੀਆਂ ਸਾਰੀਆਂ ਜੁਗਤਾਂ ਤੇ ਰਣਨੀਤੀਆਂ ਇਸ ਵੇਲੇ ਸੁਰੰਗ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਵੱਲ ਕੇਂਦਰਤ ਹਨ। ਇਸ ਕੰਮ ਲਈ ਡਰੋਨਾਂ ਤੇ ਰਿਮੋਟ ਸੈਂਸਿੰਗ ਸਾਜ਼ੋ-ਸਾਮਾਨ ਦੀ ਵੀ ਮਦਦ ਲਈ ਜਾ ਰਹੀ ਹੈ।’ ਉਧਰ ਲਾਪਤਾ ਕਾਮਿਆਂ ਦੇ ਵਾਰਸਾਂ ਦਾ ਗੁੱਸਾ ਫੁੱਟਣ ਲੱਗਾ ਹੈ। ਪੀੜਤ ਪਰਿਵਾਰਾਂ ਨੇ ਅਥਾਰਿਟੀਜ਼ ’ਤੇ ਬਚਾਅ ਕਾਰਜਾਂ ਨੂੰ ਸਹੀ ਢੰਗ ਨਾਲ ਨਾ ਚਲਾਉਣ ਦਾ ਦੋਸ਼ ਲਾਇਆ ਹੈ। ਲਾਪਤਾ 40 ਕਾਮਿਆਂ ਦੇ ਪਰਿਵਾਰਕ ਮੈਂਬਰ ਅੱਜ ਸਬੰਧਤ ਅਥਾਰਿਟੀਜ਼ ਨਾਲ ਦੋ ਘੰਟੇ ਦੇ ਕਰੀਬ ਬਹਿਸਦੇ ਰਹੇ। -ਪੀਟੀਆਈ