ਦੇਹਰਾਦੂਨ, 11 ਮਾਰਚ
ਭਾਜਪਾ ਆਗੂ ਮੋਹਨ ਸਿੰਘ ਬਿਸ਼ਟ ਨੂੰ ਬਹੁਤੇ ਲੋਕ ਨਹੀਂ ਜਾਣਦੇ ਸਨ ਪਰ ਲਾਲਕੂੰਆ ’ਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਹਰੀਸ਼ ਰਾਵਤ ਨੂੰ ਹਰਾਉਣ ਮਗਰੋਂ ਉਨ੍ਹਾਂ ਦੀ ਭੱਲ ਬਣ ਗਈ ਹੈ। ਇਸ ਤੋਂ ਪਹਿਲਾਂ ਬਿਸ਼ਟ ਨੇ 2019 ’ਚ ਸਿਰਫ਼ ਜ਼ਿਲ੍ਹਾ ਪੰਚਾਇਤ ਚੋਣ ਜਿੱਤੀ ਸੀ। ਸਥਾਨਕ ਹੋਣ ਕਰਕੇ ਉਨ੍ਹਾਂ ਧਰਾਤਲ ਤੱਕ ਲੋਕਾਂ ਨਾਲ ਚੰਗਾ ਰਾਬਤਾ ਬਣਾਇਆ ਹੋਇਆ ਸੀ ਅਤੇ ਰਾਵਤ ਦੇ ਬਾਹਰੀ ਹੋਣ ਦਾ ਉਸ ਨੂੰ ਲਾਭ ਮਿਲਿਆ। ਕਾਂਗਰਸ ਵੱਲੋਂ ਰਾਵਤ ਦਾ ਹਲਕਾ ਰਾਮਨਗਰ ਤੋਂ ਬਦਲ ਕੇ ਲਾਲਕੁਵਾ ਕਰਨ ਨਾਲ ਵੀ ਉਨ੍ਹਾਂ ਦੀ ਜਿੱਤ ਦੇ ਮੌਕੇ ਘੱਟ ਗਏ ਸਨ। ਕਾਂਗਰਸ ਨੇ ਲਾਲਕੁਵਾ ਤੋਂ ਸੰਧਿਆ ਡਾਲਾਕੋਟੀ ਨੂੰ ਪਹਿਲਾਂ ਮੈਦਾਨ ’ਚ ਉਤਾਰਿਆ ਸੀ ਪਰ ਟਿਕਟ ਕੱਟੇ ਜਾਣ ’ਤੇ ਉਸ ਨੇ ਬਗਾਵਤ ਕਰ ਦਿੱਤੀ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਰਾਵਤ ਦੀਆਂ ਵੋਟਾਂ ਕੱਟੀਆਂ। ਕਾਂਗਰਸ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਭੁਵਨ ਚੰਦਰ ਕਾਪਰੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਖਟੀਮਾ ਤੋਂ 6,579 ਵੋਟਾਂ ਨਾਲ ਹਰਾਇਆ। ਹਰੀਸ਼ ਰਾਵਤ ਦੀ ਧੀ ਅਨੂਪਮਾ ਰਾਵਤ ਹਰਿਦੁਆਰ ਦਿਹਾਤੀ ਤੋਂ ਚੋਣ ਜਿੱਤਣ ’ਚ ਕਾਮਯਾਬ ਰਹੀ। -ਪੀਟੀਆਈ
ਧਾਮੀ ਨੇ ਕੈਬਨਿਟ ਸਾਥੀਆਂ ਦੇ ਨਾਲ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ
ਦੇਹਰਾਦੂਨ: ਉੱਤਰਾਖੰਡ ’ਚ ਭਾਜਪਾ ਵੱਲੋਂ ਵੱਡੀ ਜਿੱਤ ਹਾਸਲ ਕਰਨ ਦੇ ਇਕ ਦਿਨ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਰਾਜਪਾਲ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੂੰ ਅਸਤੀਫ਼ਾ ਸੌਂਪ ਦਿੱਤਾ। ਰਾਜ ਭਵਨ ਦੇ ਬਾਹਰ ਧਾਮੀ ਨੇ ਪੱਤਰਕਾਰਾਂ ਨੂੰ ਦੱਸਿਆ,‘‘ਸਾਨੂੰ ਨਵਾਂ ਫਤਵਾ ਮਿਲਿਆ ਹੈ ਅਤੇ ਸਾਡਾ ਕਾਰਜਕਾਲ ਮੁਕੰਮਲ ਹੋ ਗਿਆ ਹੈ। ਇਸ ਕਰਕੇ ਅਸੀਂ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਮੈਨੂੰ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਆਖਿਆ ਗਿਆ ਹੈ।’’ ਉਨ੍ਹਾਂ ਨਾਲ ਕੈਬਨਿਟ ਸਾਥੀ ਸਤਪਾਲ ਮਹਾਰਾਜ, ਗਣੇਸ਼ ਜੋਸ਼ੀ ਅਤੇ ਸਵਾਮੀ ਯਤੀਸ਼ਵਰਾਨੰਦ ਵੀ ਹਾਜ਼ਰ ਸਨ। ਭਾਜਪਾ ਨੇ ਉੱਤਰਾਖੰਡ ’ਚ 70 ’ਚੋਂ 47 ਸੀਟਾਂ ਜਿੱਤ ਕੇ ਭਾਵੇਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਪਰ ਧਾਮੀ, ਜਿਨ੍ਹਾਂ ਦੇ ਨਾਮ ’ਤੇ ਪਾਰਟੀ ਨੇ ਚੋਣਾਂ ਲੜੀਆਂ ਸਨ, ਖਟੀਮਾ ਤੋਂ ਚੋਣ ਹਾਰ ਗਏ ਹਨ। -ਪੀਟੀਆਈ