ਦੇਹਰਾਦੂਨ: ਉੱਤਰਾਖੰਡ ਕਾਂਵੜ ਯਾਤਰਾ ’ਤੇ ਨਿਕਲੇ ਲੋਕਾਂ ਲਈ 24 ਜੁਲਾਈ ਤੋਂ ਆਪਣੀਆਂ ਸਰਹੱਦਾਂ ਸੀਲ ਕਰ ਦੇਵੇਗਾ। ਸੂਬਾ ਸਰਕਾਰ ਨੇ ਕੋਵਿਡ-19 ਦੀ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਕਾਂਵੜ ਯਾਤਰਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਸਰਹੱਦਾਂ ਸੀਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਵੜੀਆਂ ਤੋਂ ਛੁੱਟ ਹੋਰਨਾਂ ਦੀ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਕਾਂਵੜ ਯਾਤਰਾ 25 ਜੁਲਾਈ ਤੋਂ ਸ਼ੁਰੂ ਹੋਣੀ ਹੈ। ਕਾਂਵੜੀਏ ਗੰਗਾ ਜਲ ਲਿਆਉਣ ਲਈ ਹਰਿਦੁਆਰ ਵਿੱਚ ਇਕੱਤਰ ਹੁੰਦੇ ਹਨ। -ਪੀਟੀਆਈ