ਦੇਹਰਾਦੂਨ, 16 ਜਨਵਰੀ
ਉੱਤਰਾਖੰਡ ’ਚ ਭਾਜਪਾ ਅੰਦਰ ਤਕਰਾਰ ਵਧ ਰਿਹਾ ਹੈ। ਭਾਜਪਾ ਨੇ ਸੀਨੀਅਰ ਮੰਤਰੀ ਹਰਕ ਸਿੰਘ ਰਾਵਤ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਕ ਰਾਵਤ ਨੂੰ ਕੁਝ ਦਿਨ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਅਸਤੀਫਾ ਦੇਣ ਤੋਂ ਬਾਅਦ ਮਨਾ ਲਿਆ ਗਿਆ ਸੀ ਪਰ ਉਸ ਖਿਲਾਫ ਅੱਜ ਕਾਰਵਾਈ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਹਰਕ ਸਿੰਘ ਰਾਵਤ ਨੂੰ 6 ਸਾਲ ਲਈ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਉਨ੍ਹਾਂ ਨੂੰ ਆਪਣੀ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ ਹੈ ਅਤੇ ਇਸ ਦੀ ਸੂਚਨਾ ਰਾਜਪਾਲ ਨੂੰ ਵੀ ਭੇਜ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਹਰਕ ਸਿੰਘ ਆਪਣੇ ਰਿਸ਼ਤੇਦਾਰਾਂ ਲਈ ਅਤੇ ਆਪਣੇ ਪਰਿਵਾਰ ਲਈ ਵਿਧਾਨ ਸਭਾ ਚੋਣਾਂ ਵਿਚ ਤਿੰਨ ਸੀਟਾਂ ਲਈ ਟਿਕਟਾਂ ਦੀ ਮੰਗ ਕਰ ਰਹੇ ਸਨ ਤੇ ਕਾਂਗਰਸ ਆਗੂਆਂ ਨਾਲ ਮੇਲ ਜੋਲ ਕਰ ਰਹੇ ਸਨ । ਦੂਜੇ ਪਾਸੇ ਪਾਰਟੀ ਇਕ ਪਰਿਵਾਰ-ਇਕ ਟਿਕਟ ਦੇ ਫਾਰਮੂਲੇ ’ਤੇ ਅੜੀ ਹੋਈ ਸੀ। ਸੂਬੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਮੀਟਿੰਗ ਵਿੱਚ ਵੀ ਹਰਕ ਸਿੰਘ ਨੇ ਸ਼ਮੂਲੀਅਤ ਨਹੀਂ ਕੀਤੀ ਜਿਸ ਕਾਰਨ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹ ਵੀ ਚਰਚੇ ਹਨ ਕਿ ਉਹ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ।