ਹਰਿਦੁਆਰ, 2 ਅਪਰੈਲ
ਇੱਥੇ ਨਿਰਮੋਹੀ ਅਖਾੜੇ ਦੇ ਬੈਰਾਗੀ ਸੰਤਾਂ ਵੱਲੋਂ ਕੁੰਭ ਮੇਲੇ ਦੇ ਇਕ ਅਧਿਕਾਰੀ ’ਤੇ ਹਮਲਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਮਾਮਲਾ ਉਸ ਵੇਲੇ ਹੱਲ ਹੋ ਗਿਆ ਜਦੋਂ ਬੈਰਾਗੀ ਸੰਤਾਂ ਨੇ ਪੀੜਤ ਦੇ ਹਾਰ ਪਾ ਕੇ ਉਸ ਕੋਲੋਂ ਮੁਆਫ਼ੀ ਮੰਗ ਲਈ। ਵਧੀਕ ਮੇਲਾ ਅਧਿਕਾਰੀ ਹਰਵੀਰ ਸਿੰਘ ਜਿਸ ਦੀ ਸੰਤਾਂ ਵੱਲੋਂ ਖਿੱਚਧੂਹ ਕੀਤੀ ਗਈ ਸੀ, ਅੱਜ ਨਿਰਮੋਹੀ ਅਖਾੜਾ ਪੁੱਜੇ ਜਿੱਥੇ ਅਖਾੜੇ ਦੇ ਸੰਤ ਰਾਜੇਂਦਰ ਦਾਸ ਵੱਲੋਂ ਉਨ੍ਹਾਂ ਕੋਲੋਂ ਮੁਆਫ਼ੀ ਮੰਗੀ ਗਈ। ਉਪਰੰਤ ਸੰਤਾਂ ਵੱਲੋਂ ਅਧਿਕਾਰੀ ਹਰਵੀਰ ਸਿੰਘ ਦੇ ਹਾਰ ਪਾ ਕੇ ਅਖਾੜੇ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸ੍ਰੀ ਸਿੰਘ ਨੇ ਕਿਹਾ, ‘‘ਸੰਤਾਂ ਵੱਲੋਂ ਉਨ੍ਹਾਂ ਦੇ ਵਰਤਾਰੇ ਲਈ ਮੁਆਫ਼ੀ ਮੰਗੇ ਜਾਣ ਨਾਲ ਮਾਮਲਾ ਖ਼ਤਮ ਹੋ ਗਿਆ ਹੈ। ਹੁਣ ਹਰੇਕ ਦੀ ਇਹੀ ਤਰਜੀਹ ਹੈ ਕਿ ਕੁੰਭ ਮੇਲਾ ਸਫ਼ਲ ਹੋਵੇ।’’
ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਜਦੋਂ ਵਧੀਕ ਮੇਲਾ ਅਧਿਕਾਰੀ ਹਰਵੀਰ ਸਿੰਘ ਕੁੰਭ ਮੇਲੇ ਵਾਲੇ ਖੇਤਰ ਵਿੱਚ ਲੱਗੇ ਸੰਤਾਂ ਦੇ ਕੈਂਪ ’ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ ਤਾਂ ਸੰਤਾਂ ਨੇ ਉਨ੍ਹਾਂ ਦੀ ਖਿੱਚਧੂਹ ਕੀਤੀ ਸੀ। ਇਸ ਦੌਰਾਨ ਹਰਵੀਰ ਸਿੰਘ ਦੀ ਅੱਖ ’ਚ ਸੱਟ ਲੱਗ ਗਈ ਸੀ। ਮੇਲੇ ਦੇ ਆਈਜੀ ਸੰਜੇ ਗੁੰਜਯਾਲ ਨੇ ਦੱਸਿਆ ਸੀ ਕਿ ਸੰਤਾਂ ਨੂੰ ਕੁਝ ਸ਼ਿਕਾਇਤਾਂ ਸਨ ਅਤੇ ਇਸ ਦੌਰਾਨ ਜਦੋਂ ਹਰਵੀਰ ਸਿੰਘ ਉਨ੍ਹਾਂ ਨਾਲ ਗੱਲ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਨੂੰ ਪਿੱਛੇ ਤੋਂ ਧੱਕਾ ਮਾਰ ਦਿੱਤਾ ਸੀ। ਅਧਿਕਾਰੀ ਨੇ ਚਸ਼ਮਾ ਪਹਿਨਿਆ ਹੋਇਆ ਸੀ ਜੋ ਕਿ ਧੱਕੇ ਕਾਰਨ ਟੁੱਟ ਗਿਆ ਤੇ ਉਸ ਦੀ ਅੱਖ ਜ਼ਖ਼ਮੀ ਹੋ ਗਈ ਸੀ। -ਪੀਟੀਆਈ