ਜੌਨਪੁਰ, 27 ਅਪਰੈਲ
ਇੱਥੋਂ ਦੀ ਇੱਕ ਸਰਕਾਰੀ ਯੂਨੀਵਰਸਿਟੀ ਦੇ ਦੋ ਪ੍ਰੋਫੈਸਰਾਂ ਨੂੰ ਆਰਟੀਆਈ ਤਹਿਤ ਮੰਗੀ ਜਾਣਕਾਰੀ ਦਾ ਖੁਲਾਸਾ ਹੋਣ ਮਗਰੋਂ ਮੁਅੱਤਲ ਕਰ ਦਿੱਤਾ ਗਿਆ। ਆਰਟੀਆਈ ’ਚ ਪਤਾ ਲੱਗਾ ਕਿ ਚਾਰ ਵਿਦਿਆਰਥੀਆਂ ਨੇ ਉੱਤਰ ਪੱਤਰੀਆਂ ’ਤੇ ਕਈ ਸਵਾਲਾਂ ਦੇ ਜਵਾਬ ’ਚ ‘ਜੈ ਸ੍ਰੀ ਰਾਮ’ ਤੇ ਭਾਰਤੀ ਟੀਮ ਦੇ ਕੁਝ ਕ੍ਰਿਕਟਰਾਂ ਦੇ ਨਾਮ ਲਿਖਣ ਦੇ ਬਾਵਜੂਦ ਕਥਿਤ ਤੌਰ ’ਤੇ 56 ਫ਼ੀਸਦ ਅੰਕਾਂ ਨਾਲ ਪ੍ਰੀਖਿਆ ਪਾਸ ਕਰ ਲਈ।
ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ. ਵੰਦਨਾ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਪ੍ਰੀਖਿਆ ਕਮੇਟੀ ਨੇ ਇਸ ਮਾਮਲੇ ’ਤੇ ਬੁੱਧਵਾਰ ਨੂੰ ਮੀਟਿੰਗ ਕੀਤੀ ਅਤੇ ਦੋ ਅਧਿਆਪਕ ਡਾ. ਆਸ਼ੂਤੋਸ਼ ਗੁਪਤਾ ਤੇ ਡਾ. ਵਿਨੈ ਵਰਮਾ ਉੱਤਰੀਆਂ ਪੱਤਰੀਆਂ ਦਾ ਗਲਤ ਮੁਲਾਂਕਣ ਦੇ ਦੋਸ਼ੀ ਪਾਏ ਗਏ। ਉਪ ਕੁਲਪਤੀ ਨੇ ਕਿਹਾ ਕਿ ਦੋਵਾਂ ਨੂੰ ਡਿਊਟੀ ਤੋਂ ਫਾਰਗ ਕਰਨ ਲਈ ਅਨੁਸ਼ਾਸਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਅੰਤਿਮ ਫ਼ੈਸਲੇ ਲਈ ਇਹ ਰਿਪੋਰਟ ਕਾਰਜਕਾਰੀ ਕੌਂਸਲ ਅੱਗੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੋਫੈਸਰਾਂ ਵੱਲੋਂ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਤੋਂ ਪੈਸੇ ਵਸੂਲੇ ਜਾਣ ਦੇ ਦੋਸ਼ਾਂ ਸਬੰਧੀ ਜਾਂਚ ਚੱਲ ਰਹੀ ਹੈ।
ਇਹ ਮਾਮਲਾ ਯੂੁਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਿਆਂਸ਼ੂ ਸਿੰਘ ਵੱਲੋਂ ਆਰਟੀਆਈ ਰਾਹੀਂ ਮੰਗੀ ਗਈ ਜਾਣਕਾਰੀ ਮਗਰੋਂ ਸਾਹਮਣੇ ਆਇਆ, ਜਿਸ ਨੂੰ ਇਹ ਪਤਾ ਲੱਗਾ ਸੀ ਕਿ ਡੀ ਫਾਰਮੇਸੀ ਦੇ ਕੁਝ ਵਿਦਿਆਰਥੀ ਗਲਤ ਜਵਾਬ ਲਿਖਣ ਦੇ ਬਾਵਜੂਦ ਪਾਸ ਹੋਏ ਹਨ। ਦਿਵਿਆਂਸ਼ੂ ਨੇ ਕਿਹਾ ਕਿ ਉਸ ਨੇ 3 ਅਗਸਤ 2023 ਨੂੰ ਆਰਟੀਆਈ ਤਹਿਤ ਅਰਜ਼ੀ ਦਿੱਤੀ ਅਤੇ ਕੁਝ ਖਾਸ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਮੰਗ ਕੀਤੀ ਸੀ। ਆਰਟੀਆਈ ’ਚ ਉਕਤ ਖੁਲਾਸਾ ਹੋਣ ਮਗਰੋਂ ਦਿਵਿਆਂਸ਼ੂ ਨੇ ਰਾਜ ਭਵਨ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਇੱਕ ਪ੍ਰੋਫੈਸਰ ਨੇ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਪਾਸ ਕੀਤਾ ਹੈ। ਐੱਲਜੀ ਦਫ਼ਤਰ ਨੇ 21 ਦਸੰਬਰ 2023 ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ ਜਿਸ ਮਗਰੋਂ ਉਕਤ ਸਾਰੇ ਘਟਨਾਕ੍ਰਮ ਦਾ ਖੁਲਾਸਾ ਹੋਇਆ। -ਪੀਟੀਆਈ