ਅੰਬੇਡਕਰ ਨਗਰ (ਉੱਤਰ ਪ੍ਰਦੇਸ਼), 6 ਅਕਤੂਬਰ
ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਵਿੱਚ ਜਬਰ-ਜਨਾਹ ਪੀੜਤ ਇਕ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਸ਼ਿਕਾਇਤ ਕਰਨ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਉਲਟਾ ਉਸ ਨੂੰ ਹੀ ਫਟਕਾਰ ਲਾਏ ਜਾਣ ਮਗਰੋਂ ਲੜਕੀ ਨੇ ਇਹ ਕਦਮ ਉਠਾਇਆ।
ਮ੍ਰਿਤਕਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਉਸ ਦੀ ਧੀ ਐੱਸ.ਪੀ. ਦਫ਼ਤਰ ਵੀ ਗਈ ਸੀ, ਜਿੱਥੋਂ ਉਸ ਨੂੰ ਝਿੜਕ ਕੇ ਵਾਪਸ ਘਰ ਭੇਜ ਦਿੱਤਾ ਗਿਆ। ਉਪਰੰਤ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਵਰਗਾ ਵੱਡਾ ਕਦਮ ਉਠਾਇਆ।
ਉਸ ਨੇ ਦੱਸਿਆ, ‘‘16 ਸਤੰਬਰ ਨੂੰ ਮੇਰੀ ਧੀ ਸਕੂਲ ਗਈ ਸੀ ਪਰ ਵਾਪਸ ਘਰ ਨਹੀਂ ਆਈ। ਅਸੀਂ ਪੁਲੀਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ। ਉਹ ਦੋ ਦਿਨਾਂ ਬਾਅਦ ਵਾਪਸ ਆਈ ਅਤੇ ਸਾਨੂੰ ਦੱਸਿਆ ਕਿ ਦੋ ਲੜਕੇ ਉਸ ਨੂੰ ਲਖਨਊ ਲੈ ਕੇ ਗਏ ਸਨ ਜਿੱਥੇ ਉਨ੍ਹਾਂ ਨੇ ਇਕ ਹੋਟਲ ਦੇ ਕਮਰੇ ’ਚ ਉਸ ਨਾਲ ਜਬਰ-ਜਨਾਹ ਕੀਤਾ।’’
ਲੜਕੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਪੁਲੀਸ ਉਸ ਦੀ ਧੀ ’ਤੇ ਰਾਜ਼ੀਨਾਮੇ ਲਈ ਦਬਾਅ ਪਾ ਰਹੀ ਸੀ। ਉਸ ਨੇ ਮਲੀਪੁਰ ਥਾਣੇ ਵਿੱਚ ਜਾ ਕੇ ਕਾਰਵਾਈ ਨਾ ਹੋਣ ’ਤੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ।
ਉੱਧਰ, ਐੱਸ.ਪੀ. ਅਜੀਤ ਸਿਨਹਾ ਨੇ ਕਿਹਾ, ‘‘ਲੜਕੀ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਬਿਆਨ ਦੇ ਆਧਾਰ ’ਤੇ ਦੋ ਲੜਕਿਆਂ ਵੱਲੋਂ ਜਬਰ-ਜਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।’’ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। -ਆਈਏਐੱਨਐੱਸ