ਲਖਨਊ: ਹਾਥਰਸ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਛੇ ਕਾਂਵੜੀਆਂ ਦੀ ਮੌਤ ਦੇ ਇੱਕ ਦਿਨ ਬਾਅਦ ਉੱਤਰ ਪ੍ਰਦੇਸ਼ ਵੱਲੋਂ ਅੱਜ ਜ਼ਿਲ੍ਹੇ ਦੇ ਪੁਲੀਸ ਕਪਤਾਨ (ਐੱਸਪੀ) ਦੀ ਬਦਲੀ ਕਰ ਦਿੱਤੀ ਗਈ। ਏਡੀਜੀ ਪਰਸੋਨਲ ਰਾਜਾ ਸ੍ਰੀਵਾਸਤਵ ਵੱਲੋਂ ਜਾਰੀ ਇੱਕ ਆਰਡਰ ਮੁਤਾਬਕ ਹਾਥਰਸ ਦੇ ਐੱਸਪੀ ਵਿਕਾਸ ਕੁਮਾਰ ਵੈਦਿਆ ਨੂੰ ਕਮਾਂਡੈਂਟ ਪੀਏਸੀ ਵਜੋਂ ਮਿਰਜ਼ਾਪੁਰ ਭੇਜਿਆ ਗਿਆ ਹੈ, ਜਦਕਿ ਉਥੇ ਤਾਇਨਾਤ ਦੇਵੇਸ਼ ਕੁਮਾਰ ਪਾਂਡੇ ਨੂੰ ਹਾਥਰਸ ਜ਼ਿਲ੍ਹੇ ਦਾ ਨਵਾਂ ਪੁਲੀਸ ਕਪਤਾਨ (ਐੱਸਪੀ) ਲਾਇਆ ਗਿਆ ਹੈ। ਹਾਲਾਂਕਿ ਬਦਲੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਉਕਤ ਹਾਦਸੇ ਕਰਕੇ ਕੀਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਕਾਂਵੜ ਯਾਤਰਾ ਲਈ ਟਰੈਫਿਕ ਪਲਾਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਬੀਤੇ ਦਿਨ ਗਵਾਲੀਅਰ ਨੇੜੇ ਕਾਂਵੜੀਆਂ ਦੀ ਮੌਤ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਕੌਮੀ ਮਾਰਗ ਜਾਮ ਕਰਕੇ ਉੱਤਰ ਪ੍ਰਦੇਸ਼ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। -ਪੀਟੀਆਈ