ਲਖਨਊ, 29 ਅਪਰੈਲ
ਉੱਤਰ ਪ੍ਰਦੇਸ਼ ਪੰਚਾਇਤੀ ਚੋਣਾਂ ਦੇ ਆਖ਼ਰੀ ਗੇੜ ਦੌਰਾਨ ਅੱਜ ਮਥੁਰਾ ਵਿਚ ਇਕ ਪੋਲਿੰਗ ਬੂਥ ’ਤੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ ਪੁਲੀਸ ਵੱਲੋਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਹ ਝੜਪ ਬਰਸਾਨਾ ਖੇਤਰ ਵਿਚ ਦੋ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਹੋਈ ਅਤੇ ਦੋਵੇਂ ਧਿਰਾਂ ਵੱਲੋਂ ਇਕ-ਦੂਜੇ ’ਤੇ ਗੋਲੀਬਾਰੀ ਕੀਤੀ ਗਈ। ਪੁਲੀਸ ਦੇ ਵਧੀਕ ਸੁਪਰਡੈਂਟ (ਦਿਹਾਤੀ) ਸ਼ਰੀਸ਼ ਚੰਦਰਾ ਨੇ ਕਿਹਾ ਕਿ ਰਕੋਲੀ ਪੰਚਾਇਤ ਅਧੀਨ ਆਉਂਦੇ ਪਿੰਡ ਨੇਹਰਾ ਵਿਚ ਇਹ ਘਟਨਾ ਵਾਪਰੀ, ਜਿੱਥੇ ਸੀਆ ਰਾਮ ਤੇ ਮਲਖਾਨ ਦੇ ਸਮਰਥਕਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਕੁਝ ਦੇਰ ਲਈ ਵੋਟਿੰਗ ਦਾ ਕੰਮ ਪ੍ਰਭਾਵਿਤ ਹੋਇਆ ਪਰ ਪੁਲੀਸ ਨੇ ਹਾਲਾਤ ਕਾਬੂ ਹੇਠ ਕਰ ਲਏ। ਪੰਚਾਇਤੀ ਚੋਣਾਂ ਦੇ ਆਖਰੀ ਤੇ ਚੌਥੇ ਗੇੜ ਵਿਚ 17 ਜ਼ਿਲ੍ਹਿਆਂ ਦੀਆਂ 2.10 ਲੱਖ ਸੀਟਾਂ ’ਤੇ ਸ਼ਾਮ 5 ਵਜੇ ਤੱਕ 61.19 ਫ਼ੀਸਦ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।-ਪੀਟੀਆਈ