ਬਲਰਾਮਪੁਰ/ਗੌਂਡਾ (ਯੂਪੀ), 17 ਸਤੰਬਰ
ਉੱਤਰ ਪ੍ਰਦੇਸ਼ ਵਿੱਚ ਬਲਰਾਮਪੁਰ ਜ਼ਿਲ੍ਹੇ ਦੇ ਮਹਿਰਾਜਗੰਜ ਤਰਾਈ ਥਾਣਾ ਖੇਤਰ ਅਧੀਨ ਅੱਜ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਜੋਖੂ ਯਾਦਵ ਦਾ ਪੁੱਤਰ ਅਨੂਪ ਯਾਦਵ (33) ਖੇਤਾਂ ਵਿੱਚ ਬਿਜਲੀ ਪਹੁੰਚਾਉਣ ਲਈ ਲੱਗਾ ਲੱਕੜ ਦਾ ਖੰਭਾ ਡਿੱਗਣ ਤੋਂ ਬਾਅਦ ਉਸ ਨੂੰ ਉਠਾਉਣ ਲਈ ਗਿਆ ਸੀ ਤਾਂ ਕਰੰਟ ਦੀ ਲਪੇਟ ’ਚ ਆ ਗਿਆ। ਛੋਟੇ ਭਰਾ ਨੂੰ ਕਰੰਟ ਦੀ ਲਪੇਟ ’ਚ ਦੇਖ ਕੇ ਉਸ ਦਾ ਵੱਡ ਭਰਾ ਵੀਰੇਂਦਰ ਯਾਦਵ ਉਸ ਨੂੰ ਬਚਾਉਣ ਲਈ ਭੱਜਿਆ ਅਤੇ ਇਸ ਤਰ੍ਹਾਂ ਦੋਵੇਂ ਭਰਾ ਕਰੰਟ ਦੀ ਲਪੇਟ ’ਚ ਆ ਗਏ। ਸੂਤਰਾਂ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਉਨ੍ਹਾਂ ਦੇ ਤੀਜੇ ਭਰਾ ਸੁਰਿੰਦਰ ਯਾਦਵ ਨੇ ਰੌਲਾ ਪਾਇਆ ਤਾਂ ਪਿੰਡ ਵਾਲੇ ਉੱਥੇ ਪਹੁੰਚੇ ਅਤੇ ਦੋਹਾਂ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸੇ ਤਰ੍ਹਾਂ ਇਕ ਵੱਖਰੀ ਘਟਨਾ ਵਿੱਚ ਯੂਪੀ ਦੇ ਗੌਂਡਾ ਜ਼ਿਲ੍ਹੇ ਵਿੱਚ ਬਿਜਲੀ ਦੀ ਇਕ ਟੁੱਟੀ ਹੋਈ ਤਾਰ ਦੇ ਸੰਪਰਕ ਵਿੱਚ ਆਉਣ ਕਾਰਨ ਦੋ ਸਕੇ ਭਰਾਵਾਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਸਰਕਲ ਅਫਸਰ ਮੁੰਨਾ ਉਪਾਧਿਆਏ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਨੈ ਕੁਮਾਰ (25), ਉਸ ਦੇ ਭਰਾ ਸੁਮਿਤ (20) ਵਾਸੀਆਨ ਕੋਛਾ ਕਾਸ਼ੀਪੁਰ ਪਿੰਡ ਅਤੇ ਉਨ੍ਹਾਂ ਦੇ ਦੋਸਤ ਸ਼ੁਭਮ ਉਰਫ ਰਾਜਾ (18) ਵਜੋਂ ਹੋਈ ਹੈ। ਤਿੰਨੋਂ ਜਣੇ ਲੰਘੀ ਸ਼ਾਮ ਇਕ ਮੋਟਰਸਾਈਕਲ ’ਤੇ ਪਿੰਡ ਪਰਤ ਰਹੇ ਸਨ। ਇਸ ਦੌਰਾਨ ਉਹ ਖਰਾਬ ਮੌਸਮ ਕਾਰਨ ਖੰਭੇ ਤੋਂ ਟੁੱਟੀ ਇਕ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਏ ਸਨ। -ਪੀਟੀਆਈ