ਬੁਲੰਦਸ਼ਹਿਰ (ਉੱਤਰ ਪ੍ਰਦੇਸ਼), 30 ਸਤੰਬਰ
ਇੱਥੇ ਇੱਕ ਸਰਕਾਰੀ ਸਕੂਲ ਵਿੱਚ ਛੁੱਟੀ ਮਗਰੋਂ ਦੂਜੀ ਕਲਾਸ ਦੀ ਵਿਦਿਆਰਥਣ ਕਮਰੇ ਵਿੱਚ ਹੀ ਬੰਦ ਰਹਿ ਗਈ। ਇਹ ਜਾਣਕਾਰੀ ਅੱਜ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਬੇਸਿਕ ਸ਼ਿਕਸ਼ਾ ਅਧਿਕਾਰੀ (ਬੀਐੱਸਏ) ਬੀ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਸਕੂਲ ਹੈੱਡਮਾਸਟਰ, ਚਾਰ ਅਧਿਆਪਕਾਂ, ਦੋ ਸਿਕਸ਼ਾ ਮਿੱਤਰਾਂ ਅਤੇ ਇੱਕ ਦਫ਼ਤਰੀ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਲੜਕੀ ਕਲਾਸ ਦੇ ਕਮਰੇ ਅੰਦਰ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਮਦਦ ਮੰਗ ਰਹੀ ਹੈ। ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ ਸੇਗੜਾ ਪੀਰ ਇਲਾਕੇ ਵਿੱਚ ਸਥਿਤ ਸਾਂਵਿਲੀਅਨ ਵਿਦਿਆਲਾ ਵਿੱਚ ਵਿਦਿਆਰਥਣ ਕਮਰੇ ਅੰਦਰ ਬੰਦ ਰਹਿ ਗਈ। ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਘਰ ਨਾ ਪਹੁੰਚੀ ਤਾਂ ਭਾਲ ਕਰਦੇ ਹੋਏ ਮਾਪੇ ਸਕੂਲ ਪਹੁੰਚੇ ਤੇ ਉਨ੍ਹਾਂ ਨੇ ਕਲਾਸ ਦੇ ਕਮਰੇ ਅੰਦਰੋਂ ਲੜਕੀ ਦੇ ਰੋਣ ਦੀ ਆਵਾਜ਼ ਸੁਣੀ ਅਤੇ ਸਕੂਲ ਸਟਾਫ ਨੂੰ ਬੁਲਾ ਕੇ ਬੱਚੀ ਨੂੰ ਕਮਰੇ ’ਚੋਂ ਬਾਰਹ ਕੱਢਿਆ। ਬੀਐੱਸਏ ਸ਼ਰਮਾ ਨੇ ਕਿਹਾ ਕਿ ਸਕੂੁਲ ਵੱਲੋਂ ਇਹ ਗੰਭੀਰ ਅਣਗਹਿਲੀ ਦਾ ਮਾਮਲਾ ਹੈ ਅਤੇ ਸਾਰੇ ਸਕੂਲ ਸਟਾਫ ਵਿਰੁੱਧ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ