ਕੌਸ਼ਾਂਬੀ (ਉੱਤਰ ਪ੍ਰਦੇਸ਼), 31 ਜੁਲਾਈ
ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਅਧੀਨ ਕਰਾਰੀ ਇਲਾਕੇ ਵਿੱਚ ਇੱਕ ਭਾਜਪਾ ਨੇਤਾ ਸੰਜੈ ਜੈਸਵਾਲ ਦੇ ਲਾਇਸੈਂਸੀ ਪਿਸਤੌਲ ਵਿੱਚੋਂ ਬੱਚਿਆਂ ਦੀ ਖੇਡ ਦੌਰਾਨ ਗੋਲੀ ਚੱਲਣ ਕਾਰਨ 11 ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਅੱਜ ਨੇਤਾ ਸਣੇ ਚਾਰ ਜਣਿਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਘਟਨਾ ਸ਼ਨਿਚਰਵਾਰ ਸ਼ਾਮ ਨੂੰ ਵਾਪਰੀ। ਪੁਲੀਸ ਅਧਿਕਾਰੀ ਸਮਰ ਬਹਾਦਰ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਖੇਡਦੇ ਸਮੇਂ ਜੈਸਵਾਲ ਦਾ ਬੇਟਾ ਘਰੋਂ ਆਪਣੇ ਪਿਤਾ ਦਾ ਪਿਸਤੌਲ ਚੁੱਕ ਲਿਆਇਆ। ਇਸ ਦੌਰਾਨ ਚੱਲੀ ਗੋਲੀ ਗੁਆਂਢੀ ਰਾਮੇਸ਼ਵਰ ਪ੍ਰਸਾਦ ਦੇ 11 ਸਾਲਾਂ ਦੇ ਲੜਕੇ ਅਨੰਤ ਦੀ ਛਾਤੀ ਵਿੱਚ ਵੱਜੀ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਨੰਤ ਦੇ ਪਿਤਾ ਦੇ ਬਿਆਨਾਂ ’ਤੇ ਭਾਜਪਾ ਨੇਤਾ ਸੰਜੈ ਜੈਸਵਾਲ, ਉਸ ਦੇ ਬੇਟੇ ਵੇਦਾਂਤ, ਭਤੀਜੇ ਨਿਤਯਮ ਅਤੇ ਸੰਜੈ ਜੈਸਵਾਲ ਦੀ ਭਰਜਾਈ ਖ਼ਿਲਾਫ਼ ਹੱਤਿਆ ਦੇ ਕੇਸ ਦਰਜ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।