ਲਖਨਊ, 14 ਜੂਨ
ਉੱਤਰ ਪ੍ਰਦੇਸ਼ ਕੈਬਨਿਟ ਨੇ ਅੱਜ ਅਯੁੱਧਿਆ ਵਿੱਚ ਚਾਰ ਅਰਬ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਬੱਸ ਅੱਡਾ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਕੈਬਨਿਟ ਵੱਲੋਂ ਅਯੁੱਧਿਆ-ਸੁਲਤਾਨਪੁਰ ਸੜਕ ’ਤੇ ਚਾਰ ਮਾਰਗੀ ਫਲਾਈਓਵਰ ਦੇ ਨਿਰਮਾਣ ਦਾ ਪ੍ਰਸਤਾਵ ਵੀ ਮਨਜ਼ੂਰ ਕੀਤਾ ਗਿਆ ਹੈ। ਇਹ ਫ਼ੈਸਲੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ। ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ, ‘ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਅਤੇ ਉੱਥੇ ਦੂਰ-ਦੂਰ ਤੋਂ ਸ਼ਰਧਾਲੂ ਆਉਣਗੇ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕੌਮਾਂਤਰੀ ਮਿਆਰ ਦਾ ਬੱਸ ਅੱਡਾ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।’ ਉਨ੍ਹਾਂ ਕਿਹਾ, ‘ਬੱਸ ਅੱਡੇ ਦੇ ਨਿਰਮਾਣ ਲਈ ਸੱਭਿਆਚਾਰ ਵਿਭਾਗ ਵੱਲੋਂ ਟਰਾਂਸਪੋਰਟ ਵਿਭਾਗ ਨੂੰ 9 ਏਕੜ ਜ਼ਮੀਨ ਦਿੱਤੀ ਜਾਵੇਗੀ। ਬੱਸ ਅੱਡੇ ’ਤੇ ਚਾਰ ਸੌ ਕਰੋੜ ਰੁਪਏ ਲਾਗਤ ਆਵੇਗੀ, ਜਿੱਥੇ ਸ਼ਰਧਾਲੂਆਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਹੋਵੇਗੀ।’
ਸ੍ਰੀ ਸਿੰਘ ਨੇ ਦੱਸਿਆ ਕਿ ਅਯੁੱਧਿਆ-ਸੁਲਤਾਨਪੁਰ ਸੜਕ ’ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਡੇਢ ਕਿਲੋਮੀਟਰ ਲੰਮਾ ਚਾਰ ਮਾਰਗੀ ਫਲਾਈਓਵਰ ਵੀ ਬਣਾਇਆ ਜਾਵੇਗਾ। ਕੈਬਨਿਟ ਨੇ ਬੁਲੰਦਸ਼ਹਿਰ ਦੇ ਅਨੂਪਸ਼ਹਿਰ ’ਚ ਬੱਸ ਅੱਡਾ ਅਤੇ ਇਲਾਹਾਬਾਦ ਦੇ ਜੀਟੀ ਰੋਡ ’ਤੇ ਫਲਾਈਓਵਰ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ। -ਪੀਟੀਆਈ