ਲਖਨਊ/ਪਟਨਾ, 2 ਮਾਰਚ
ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਤੇ ਬਿਹਾਰ ਵਿਧਾਨ ਸਭਾ ’ਚ ਹੰਗਾਮਾ ਹੋਇਆ।
ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਹੰਗਾਮੇ ਦੌਰਾਨ ਸਮਾਜਵਾਦੀ ਪਾਰਟੀ ਦੇ ਵਿਧਾਇਕ ਵਾਕਆਊਟ ਕਰ ਗਏ। ਸਿਫ਼ਰ ਕਾਲ ਦੌਰਾਨ ਤੇਲ ਕੀਮਤਾਂ ਦਾ ਮੁੱਦਾ ਉੱਠਣ ’ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਮ ਗੋਵਿੰਦ ਚੌਧਰੀ ਨੇ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਲੋਕਾਂ ਨੂੰ ਘੱਟ ਸਬਸਿਡੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ 10 ਮਹੀਨਿਆਂ ’ਚ ਬਾਲੀਆ ’ਚ ਐੱਲਪੀਜੀ ਗੈਸ ਸਿਲੰਡਰਾਂ ਦੀ ਕੀਮਤ 240 ਰੁਪਏ ਵਧ ਗਈ ਹੈ।
ਇਸੇ ਤਰ੍ਹਾਂ ਬਿਹਾਰ ਵਿਧਾਨ ਸਭਾ ’ਚ ਐੱਲਪੀਜੀ ਸਿਲੰਡਰਾਂ ਤੇ ਪਿਆਜ਼ ਦੇ ਭਾਅ ’ਚ ਵਾਧੇ ਖ਼ਿਲਾਫ਼ ਰਾਸ਼ਟਰੀ ਜਨਤਾ ਦਲ ਤੇ ਵਿਧਾਇਕਾਂ ਨੇ ਪ੍ਰਦਰਸ਼ਨ ਕੀਤਾ। ਮਾਨੇਰ ਤੋਂ ਵਿਧਾਇਕ ਤੇ ਪਾਰਟੀ ਦੇ ਮੁੱਖ ਬੁਲਾਰੇ ਭਾਈ ਵੀਰੇਂਦਰ ਦੀ ਅਗਵਾਈ ਹੇਠ ਵਿਧਾਇਕ ਛੋਟੇ ਐੱਲਪੀਜੀ ਸਿਲੰਡਰ ਸਿਰਾਂ ’ਤੇ ਚੁੱਕ ਕੇ ਤੇ ਗਲਾਂ ’ਚ ਪਿਆਜ਼ ਦੇ ਹਾਰ ਪਾ ਕੇ ਵਿਧਾਨ ਸਭਾ ’ਚ ਪੁੱਜੇ ਤੇ ਵਿਰੋਧ ਪ੍ਰਗਟਾਇਆ। -ਪੀਟੀਆਈ
ਕਾਂਗਰਸ ਵੱਲੋਂ ਭਾਜਪਾ ਦੇ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ
ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਖ਼ਿਲਾਫ਼ ਅੱਜ ਇੱਥੇ ਭਾਜਪਾ ਦੇ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਰਚ ਕਰਦੇ ਹੋਏ ਭਾਜਪਾ ਹੈੱਡਕੁਆਰਟਰ ਵੱਨ ਵਧੇ ਪਰ ਪੁਲੀਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ। -ਪੀਟੀਆਈ