ਕੰਨੌਜ, 29 ਅਕਤੂਬਰ
ਇਥੋਂ ਦੇ ਸਰਕਾਰੀ ਗੈਸਟ ਹਾਊਸ ਵਿੱਚ ਖੁੂਨ ਨਾਲ ਲਥਪਥ ਮਿਲੀ 12 ਸਾਲਾ ਲੜਕੀ ਦੀ ਮਦਦ ਕਰਨ ਦੀ ਥਾਂ ਉਸ ਦੀ ਵੀਡੀਓ ਬਣਾਉਣ ਦੇ ਦੋਸ਼ ਹੇਠ ਪੁਲੀਸ ਨੇ ਸ਼ਨਿਚਰਵਾਰ ਨੂੰ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਸਹਾਏਗੰਜ ਦੇ ਐਸਐਚਓ ਰਾਜਕੁਮਾਰ ਸਿੰਘ ਨੇ ਕਿਹਾ ਕਿ ਵੀਡੀਓ ਕਾਰਨ ਨਾਬਾਲਗ ਲੜਕੀ ਦੀ ਪਛਾਣ ਜਨਤਕ ਹੋ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪੋਕਸੋ ਅਤੇ ਆਈਟੀਐਕਟ ਤਹਿਤ ਕੇਸ ਦਰਜ ਕੀਤਾ ਹੈ। ਵੀਡੀਓ ਵਿੱਚ ਪੁਲੀਸ ਮੁਲਾਜ਼ਮ ਜ਼ਖ਼ਮੀ ਲੜਕੀ ਨੂੰ ਹਸਪਤਾਲ ਲਿਜਾਣ ਲਈ ਚੁੱਕ ਕੇ ਆਟੋ ਰਿਕਸ਼ੇ ਤਕ ਲਿਜਾਂਦਾ ਦਿਖਾਈ ਦਿੰਦਾ ਹੈ ਜਦੋਂ ਕਿ ਉਥੇ ਖੜ੍ਹੇ ਲੋਕ ਆਪਣੇ ਮੋਬਾਈਲ ਫੋਨਾਂ ’ਤੇ ਵੀਡੀਓ ਬਣਾਉਂਦੇ ਨਜ਼ਰੀਂ ਪੈਂਦੇ ਹਨ। ਪੁਲੀਸ ਅਨੁਸਾਰ ਵੀਡੀਓ ਬਣਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਲੜਕੀ ਕਾਨਪੁਰ ਦੇ ਨਿਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਧਰ, ਲੜਕੀ ਨਾਲ ਕਥਿਤ ਜਬਰ ਜਨਾਹ ਕਰਨ ਵਾਲਾ ਫਰੁੱਖ਼ਾਬਾਦ ਵਾਸੀ ਰਾਮਜੀ ਵਰਮਾ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। -ਏਜੰਸੀ