ਨਵੀਂ ਦਿੱਲੀ: ਪੀਏਐੱਫਆਈ (ਪਬਲਿਕ ਅਫੇਰਜ਼ ਫੋਰਮ ਆਫ਼ ਇੰਡੀਆ) ਵੱਲੋਂ ਨੀਤੀਗਤ ਵਿਸ਼ਿਆਂ ਬਾਰੇ ਕਰਵਾਏ ਗਏ ਇੱਕ ਸੈਸ਼ਨ ਦੌਰਾਨ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਵਿੱਚ ਅਸਲ ਵਿਕਾਸ ਸਿਰਫ਼ ਸ਼ਹਿਰੀਕਰਨ ਰਾਹੀਂ ਹੋ ਸਕਦਾ ਹੈ ਜੋ ਆਰਥਿਕ ਵਿਕਾਸ ਤੇ ਗ਼ਰੀਬੀ ਘਟਾਉਣ ਲਈ ਲਾਜ਼ਮੀ ਹੈ। ਇਸ ਸੈਸ਼ਨ ਵਿੱਚ ਵਿਰਾਟ ਭਾਟੀਆ, ਐੱਮਡੀ ਐਪਲ ਇੰਡੀਆ ਅਤੇ ਅਪੋਲੋ ਹਾਸਪਿਟਲਜ਼ ਐਂਟਰਪ੍ਰਾਈਜ਼ਿਜ਼ ਦੀ ਐੱਸਵੀਪੀ ਤੇ ਮੁਖੀ ਵਿਨੀਤਾ ਸੇਠੀ ਨੇ ਵੀ ਹਿੱਸਾ ਲਿਆ। ਇਸ ਦੌਰਾਨ ਜਲਵਾਯੂ ਤਬਦੀਲੀ ਤੇ ਸਨਅਤੀ ਵਿਕਾਸ ’ਚ ਭਾਰਤ ਦੀ ਭੂਮਿਕਾ ਬਾਰੇ ਗੱਲਬਾਤ ਕਰਦਿਆਂ ਸ੍ਰੀ ਕਾਂਤ ਨੇ ਕਿਹਾ,‘ਭਾਰਤ ਹੀ ਅਜਿਹਾ ਮੁਲਕ ਹੈ, ਜਿਸਨੇ ਕੌਮੀ ਪੱਧਰ ’ਤੇ ਨਿਰਧਾਰਤ ਯੋਗਦਾਨ ਦੇ ਟੀਚੇ ਨੂੰ ਹਾਸਲ ਕਰ ਲਿਆ ਹੈ, ਜੋ ਸਾਲ 2021 ਵਿੱਚ ਤੈਅ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਮੁਲਕ ਵਿੱਚ ਕਾਰੋਬਾਰ ਕਰਨ ’ਚ ਸੌਖ ਮੁਹੱਈਆ ਕਰਵਾਉਣ ਲਈ ਲਗਪਗ 1500 ਨਿਯਮ ਰੱਦ ਕੀਤੇ ਤੇ ਸੂਬਿਆਂ ਨੂੰ ਵੀ ਅਜਿਹੇ ਹੀ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਜਨਤਕ-ਨਿੱਜੀ ਭਾਈਵਾਲੀ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। -ਪੀਟੀਆਈ