ਨਵੀਂ ਦਿੱਲੀ, 23 ਜੂਨ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇ ਵਿੱਚ ਬਣੇ ਰਹਿਣ ਲਈ ਸੰਤੁਲਿਤ ਵਿਕਾਸ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਨੌਜਵਾਨ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਭਰਤੀ ਕਰਨ ਅਤੇ ਆਧੁਨਿਕ ਬੈਂਕਿੰਗ ਵਿਵਸਥਾ ਅਪਣਾਉਣ ਸਮੇਤ ਅਹਿਮ ਸੁਧਾਰ ਕਰਨ ਲਈ ਵੀ ਕਿਹਾ।
ਸ਼ਾਹ ਨੇ ਕਿਹਾ ਕਿ ਢਾਂਚਾਗਤ ਬਦਲਾਅ, ਮਨੁੱਖੀ ਸਰੋਤ ਮਜ਼ਬੂਤ ਕਰਨਾ, ਅਕਾਊਂਟਿੰਗ ਪ੍ਰਕਿਰਿਆ ਦਾ ਕੰਪਿਊਟਰੀਕਰਨ, ਵਾਧੂ ਫੰਡਾਂ ਦੇ ਪ੍ਰਬੰਧਨ ਲਈ ਮਾਹਿਰਾਂ ਨੂੰ ਭਰਤੀ ਕਰਨਾ ਆਦਿ ਬਾਕੀ ਅਜਿਹੇ ਪ੍ਰਮੁੱਖ ਸੁਧਾਰ ਹਨ, ਜਿਨ੍ਹਾਂ ਦੀ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਲੋੜ ਹੈ ਤਾਂ ਜੋ ਉਹ ਕੌਮੀਕ੍ਰਿਤ ਤੇ ਨਿੱਜੀ ਬੈਂਕਾਂ ਦਾ ਮੁਕਾਬਲਾ ਕਰ ਸਕਣ।
ਇੱਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘‘ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰ ਕੇ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਖ਼ੁਦ ਨੂੰ ਮੌਜੂਦਾ ਸਮੇਂ ਵਿੱਚ ਸਮੇਂ ਦਾ ਹਾਣੀ ਬਣਾਉਣਾ ਚਾਹੀਦਾ ਹੈ।’’ ਉਨ੍ਹਾਂ ਭਰੋਸਾ ਦਿੱਤਾ ਕਿ ਸਹਿਕਾਰੀ ਬੈਂਕਾਂ ਨਾਲ ਦੋਇਮ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਨਹੀਂ ਹੋਵੇਗਾ। ਸ਼ਾਹ ਨੇ ਸੰਚਾਲਨ ਦੇ 100 ਸਾਲ ਪੂਰੇ ਕਰਨ ਵਾਲੇ ਸ਼ਹਿਰੀ ਸਹਿਕਾਰੀ ਬੈਂਕਾਂ ਦਾ ਸਨਮਾਨ ਵੀ ਕੀਤਾ। -ਪੀਟੀਆਈ