ਨਵੀਂ ਦਿੱਲੀ: ਯੂਪੀਐੱਸਸੀ 2021 ਦੀ ਪ੍ਰੀਲਿਮਜ਼ ਪ੍ਰੀਖਿਆ ਪਾਸ ਕਰਨ ਵਾਲੇ ਤਿੰਨ ਉਮੀਦਵਾਰ, ਜੋ ਕਿ ਕੋਵਿਡ ਪਾਜ਼ੇਟਿਵ ਹੋਣ ਕਾਰਨ ਪਿਛਲੇ ਮਹੀਨੇ ਹੋਈ ਮੇਨ ਪ੍ਰੀਖਿਆ ਦੇ ਸਾਰੇ ਪੇਪਰਾਂ ਵਿਚ ਨਹੀਂ ਬੈਠ ਸਕੇ ਸਨ, ਨੇ ਸੁਪਰੀਮ ਕੋਰਟ ਪਹੁੰਚ ਕਰ ਕੇ ਪ੍ਰੀਖਿਆਵਾਂ ਵਿਚ ਬੈਠਣ ਲਈ ਇਕ ਹੋਰ ਮੌਕਾ ਮੰਗਿਆ ਹੈ। ਪਟੀਸ਼ਨਕਰਤਾਵਾਂ ਨੇ ਅਦਾਲਤ ਨੂੰ ਯੂਪੀਐੱਸਸੀ ਨੂੰ ਹੁਕਮ ਦੇਣ ਲਈ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਲਈ ਵਾਧੂ ਮੌਕਾ ਦਿੱਤਾ ਜਾਵੇ ਤੇ ਜਾਂ ਬਾਕੀ ਰਹਿ ਗਏ ਪੇਪਰ ਦੇਣ ਲਈ ਉਨ੍ਹਾਂ ਵਾਸਤੇ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਭ ਨਤੀਜਾ ਆਉਣ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦੋ ਜਣਿਆਂ ਨੂੰ ਮੇਨ ਪ੍ਰੀਖਿਆ ਵਿਚਾਲੇ ਛੱਡਣੀ ਪਈ ਸੀ ਜੋ ਕਿ 7-16 ਜਨਵਰੀ ਤੱਕ ਹੋਈ ਹੈ। ਉਹ ਪਹਿਲੇ ਕੁਝ ਪੇਪਰਾਂ ਵਿਚ ਬੈਠੇ ਸਨ। ਜਦਕਿ ਤੀਜਾ ਉਮੀਦਵਾਰ ਕੋਵਿਡ ਕਾਰਨ ਕਿਸੇ ਵੀ ਪੇਪਰ ਵਿਚ ਨਹੀਂ ਬੈਠ ਸਕਿਆ। ਬੈਂਚ ਨੇ ਇਸ ਮਾਮਲੇ ’ਤੇ ਯੂਪੀਐੱਸਸੀ ਤੋਂ ਜਵਾਬ ਮੰਗਿਆ ਹੈ ਤੇ ਅਗਲੀ ਸੁਣਵਾਈ 7 ਮਾਰਚ ਨੂੰ ਹੋਵੇਗੀ। -ਪੀਟੀਆਈ