ਨਵੀਂ ਦਿੱਲੀ, 20 ਜੁਲਾਈ
ਯੂਪੀਐੱਸਸੀ ਨੇ 2021-22 ਦੌਰਾਨ 4,119 ਉਮੀਦਵਾਰਾਂ ਦੀ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੌਕਰੀਆਂ ਲਈ ਸਿਫਾਰਸ਼ ਕੀਤੀ ਹੈ। ਇਹ ਅੰਕੜਾ ਲੰਘੇ ਦਸ ਸਾਲਾਂ ਵਿਚ ਸਭ ਤੋਂ ਘੱਟ ਹੈ। ਪਰਸੋਨਲ ਮੰਤਰਾਲੇ ਵੱਲੋਂ ਦਿੱਤੇ ਗਏ ਅੰਕੜੇ ਅੱਜ ਲੋਕ ਸਭਾ ਵਿਚ ਜਨਤਕ ਕੀਤੇ ਗਏ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਮਿੱਥੇ ਪ੍ਰੋਗਰਾਮ ਮੁਤਾਬਕ ਪ੍ਰੀਖਿਆਵਾਂ ਦਾ ਨੋਟੀਫਿਕੇਸ਼ਨ ਜਾਰੀ ਕਰਦਾ ਹੈ। ਇਸ ਬਾਰੇ ਅਗਾਊਂ ਜਾਣਕਾਰੀ ਦਿੱਤੀ ਜਾਂਦੀ ਹੈ। 2021-22 ਦੌਰਾਨ 5,153 ਅਸਾਮੀਆਂ ਦੇ ਇਸ਼ਤਿਹਾਰ ਕੱਢੇ ਗਏ ਸਨ ਜਿਨ੍ਹਾਂ ਵਿਚੋਂ 4,119 ਉਮੀਦਵਾਰਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ 2020-21 ਦੌਰਾਨ 4214 ਤੇ 2019-20 ਵਿਚ 5230 ਉਮੀਦਵਾਰਾਂ ਨੂੰ ਰੱਖਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਸੰਨ 2018-19 ਵਿਚ 4399 ਵਿਅਕਤੀਆਂ ਦੀ ਨੌਕਰੀਆਂ ਲਈ ਸਿਫਾਰਸ਼ ਕੀਤੀ ਗਈ ਸੀ। ਉਸ ਵੇਲੇ 5207 ਅਸਾਮੀਆਂ ਸਨ।
ਇਸ ਦੌਰਾਨ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਿਵਲ ਸੇਵਾਵਾਂ ਪ੍ਰੀਖਿਆ ਨਾਲ ਸਬੰਧਤ ਮੌਜੂਦਾ ਤਜਵੀਜ਼ਾਂ ਨੂੰ ਬਦਲਣਾ ਸਰਕਾਰ ਨੂੰ ਸੰਭਵ ਨਹੀਂ ਲੱਗਦਾ। ਉਨ੍ਹਾਂ ਇਹ ਟਿੱਪਣੀ ਵਰਤਮਾਨ ’ਚ ਮਿਲਦੇ ਮੌਕਿਆਂ ਅਤੇ ਉਮਰ ਸੀਮਾ ਦੇ ਸੰਦਰਭ ਵਿਚ ਕੀਤੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸ ਵਿਚ ਕੋਵਿਡ ਦੇ ਮੱਦੇਨਜ਼ਰ ਉਮਰ ਸੀਮਾ ਵਿਚ ਛੋਟ ਮੰਗੀ ਗਈ ਸੀ ਤੇ ਵਾਧੂ ਮੌਕਾ ਵੀ ਮੰਗਿਆ ਗਿਆ ਸੀ। -ਪੀਟੀਆਈ