ਨਵੀਂ ਦਿੱਲੀ, 24 ਸਤੰਬਰ
ਮੁੱਖ ਅੰਸ਼
- 761 ਉਮੀਦਵਾਰ ਹੋਏ ਪਾਸ
- ਸ਼ੁਭਮ ਕੁਮਾਰ ਅੱਵਲ ਤੇ ਜਾਗਰਤੀ ਅਵਸਥੀ ਦੋਇਮ
ਸਿਵਲ ਸੇਵਾਵਾਂ ਪ੍ਰੀਖਿਆ-2020 ਵਿੱਚੋਂ 761 ਉਮੀਦਵਾਰ ਪਾਸ ਹੋਏ ਹਨ ਅਤੇ ਪ੍ਰੀਖਿਆ ਇੰਜਨੀਅਰਿੰਗ ਗਰੈਜੂਏਟ ਸ਼ੁੱਭਮ ਕੁਮਾਰ ਨੇ ਪਹਿਲਾ ਤੇ ਜਾਗਰਤੀ ਅਵਸਥੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਅੱਜ ਆਈਏਐੱਸ, ਆਈਐੱਫਐੱਸ ਅਤੇ ਆਈਏਐੱਸ ਅਧਿਕਾਰੀਆਂ ਦੀ ਚੋਣ ਵਾਸਤੇ ਲਈ ਜਾਂਦੀ ਇਸ ਵੱਕਾਰੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ।
ਯੂਪੀਐੱਸਸੀ ਵੱਲੋਂ ਜਾਰੀ ਬਿਆਨ ਮੁਤਾਬਕ ਸ਼ੁਭਮ ਕੁਮਾਰ, ਜੋ ਕਿ ਆਈਆਈਟੀ ਬੰਬੇ ਤੋਂ ਬੈਚੁਲਰ ਆਫ ਤਕਨਾਲੋਜੀ (ਸਿਵਲ ਇੰਜਨੀਅਰ) ਵਿੱਚ ਗਰੈਜੂੁਏਟ ਹੈ, ਨੇ ਆਪਣੇ ਚੋਣਵੇਂ ਵਿਸ਼ੇ ਐਂਥਰੋਪੋਲੋਜੀ ਨਾਲ ਪ੍ਰੀਖਿਆ ਪਾਸ ਕੀਤੀ ਹੈ। ਮਹਿਲਾ ਉਮੀਦਵਾਰਾਂ ਵਿੱਚੋਂ ਜਾਗਰਤੀ ਅਵਸਥੀ ਅੱਵਲ ਰਹੀ ਹੈ। ਜਾਗਰਤੀ ਨੇ ਆਪਣੇ ਚੋਣਵੇਂ ਵਿਸ਼ੇ ਸੋਸ਼ਿਓਲੋਜੀ ਨਾਲ ਪ੍ਰੀਖਿਆ ਪਾਸ ਕੀਤੀ ਹੈ। ਉਹ ਭੁਪਾਲ ਦੇ ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ ਤੋਂ ਬੀ.ਟੈੱਕ (ਇਲੈੱਕਟ੍ਰੀਕਲ ਇੰਜਨੀਅਰਿੰਗ) ਕਰ ਚੁੱਕੀ ਹੈ। ਅੰਕਿਤਾ ਜੈਨ ਨੇ ਇਸ ਪ੍ਰੀਖਿਆ ’ਚ ਤੀਜਾ ਸਥਾਨ ਹਾਸਲ ਕੀਤਾ ਹੈ।
ਪਾਸ ਹੋਏ ਕੁੱਲ 761 ਉਮੀਦਵਾਰਾਂ ਵਿੱਚ 545 ਪੁਰਸ਼ ਅਤੇ 216 ਮਹਿਲਾਵਾਂ ਹਨ, ਜਿਨ੍ਹਾਂ ਦੀ ਕਮਿਸ਼ਨ ਵੱਲੋਂ ਵੱਖ-ਵੱਖ ਸਿਵਲ ਸੇਵਾਵਾਂ ਲਈ ਸਿਫਾਰਸ਼ ਕੀਤੀ ਗਈ ਹੈ। ਸਿਵਲ ਸੇਵਾਵਾਂ (ਪ੍ਰੀਲਿਮਨਰੀ) ਪ੍ਰੀਖਿਆ-2020 ਪਿਛਲੇ ਵਰ੍ਹੇ 4 ਅਕਤੂਬਰ ਨੂੰ ਹੋਈ ਸੀ। ਬਿਆਨ ’ਚ ਦੱਸਿਆ ਗਿਆ ਕਿ ਪ੍ਰੀਖਿਆ ਲਈ 10,40,060 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 4,82,770 ਪ੍ਰੀਖਿਆ ’ਚ ਹਾਜ਼ਰ ਹੋਏ ਸਨ। ਇਨ੍ਹਾਂ ਵਿੱਚੋਂ 10,564 ਉਮੀਦਵਾਰਾਂ ਨੇ ਲਿਖਤੀ (ਮੁੱਖ) ਪ੍ਰੀਖਿਆ ਲਈ ਕੁਆਲੀਫਾਈ ਕੀਤਾ ਸੀ, ਜਿਹੜੀ ਇਸ ਸਾਲ ਜਨਵਰੀ ਮਹੀਨੇ ਲਈ ਗਈ ਸੀ। ਮੁੱਖ ਪ੍ਰੀਖਿਆ ਮਗਰੋਂ 2,053 ਉਮੀਦਵਾਰ ਪ੍ਰਸਨੈਲਟੀ ਟੈਸਟ ਲਈ ਕੁਆਲੀਫਾਈ ਹੋਏ ਸਨ।
ਯੂਪੀਐੱਸਸੀ ਨੇ ਦੱਸਿਆ ਕਿ ਟਾਪ-25 ਉਮੀਦਵਾਰਾਂ ਵਿੱਚ 13 ਪੁਰਸ਼ ਅਤੇ 12 ਮਹਿਲਾਵਾਂ ਹਨ। 150 ਉਮੀਦਵਾਰਾਂ ਨੂੰ ਰਾਖਵੀਂ ਸੂਚੀ ’ਚ ਰੱਖਿਆ ਗਿਆ ਹੈ। ਇਹ ਪ੍ਰੀਖਿਆ ਵੱਖ-ਵੱਖ 836 ਅਸਾਮੀਆਂ ਭਰਨ ਵਾਸਤੇ ਲਈ ਗਈ ਸੀ। ਕਮਿਸ਼ਨ ਨੇ ਦੱਸਿਆ ਕਿ ਨਤੀਜਾ ਵਿਭਾਗ ਦੀ ਵੈੱਬਸਾਈਟ ’ਤੇ ਉਪਲੱਬਧ ਹੈ ਅਤੇ ਅੰਕ 15 ਦਿਨਾਂ ਦੇ ਅੰਦਰ ਵੈੱਬਸਾਈਟ ’ਤੇ ਦੇਖੇ ਜਾ ਸਕਣਗੇ। -ਪੀਟੀਆਈ