ਲਖਨਊ:, 24 ਫਰਵਰੀ
ਯੂਪੀ ਵਿਧਾਨ ਸਭਾ ਵਿੱਚ ਅੱਜ ਪ੍ਰਸ਼ਨ ਕਾਲ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਇੱਕ ਮੰਤਰੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਲੱਲੂ ਖ਼ਿਲਾਫ਼ ਟਿੱਪਣੀਆਂ ਕਰ ਦਿੱਤੀਆਂ। ਬੁੰਦੇਲਖੰਡ ਵਿੱਚ ਸਿੰਜਾਈ ਸਹੂਲਤਾਂ ਬਾਰੇ ਪੁੱਛੇ ਇੱਕ ਸੁਆਲ ਦੇ ਜੁਆਬ ਵਿੱਚ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਨੇ ਸ੍ਰੀ ਲੱਲੂ ਨੂੰ ਕਾਂਗਰਸ ਦਾ ‘ਤਥਾਕਥਿਤ ਅਧਿਅਕਸ਼’ ਆਖ ਦਿੱਤਾ ਤੇ ਇੱਥੋਂ ਤੱਕ ਕਿ ਰਾਹੁਲ ਗਾਂਧੀ ਦਾ ਨਾਂ ਵੀ ਲਿਆ।
ਇਸ ਦੌਰਾਨ ਸ੍ਰੀ ਲੱਲੂ ਨੇ ਕਿਹਾ ਕਿ ਬੁੰਦੇਲਖੰਡ ਇਲਾਕੇ ਵਿੱਚ ਸਭ ਤੋਂ ਵੱਧ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਨੇ ਕਿਹਾ ਕਿ ਕਾਂਗਰਸ ਅਜਿਹੀ ਪਾਰਟੀ ਹੈ ਜੋ ਵੱਡੇ ਪੱਧਰ ’ਤੇ ਝੂਠ ਬੋਲਦੀ ਹੈ। ਸਭ ਤੋਂ ਵੱਧ ਖ਼ੁਦਕੁਸ਼ੀਆਂ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਹੋਈਆਂ ਜਦਕਿ ਯੋਗੀ ਆਦਿਤਿਯਾਨਾਥ ਦੇ ਕਾਰਜਕਾਲ ’ਚ ਕਿਸੇ ਵੀ ਕਿਸਾਨ ਨੇ ਖ਼ੁਦਕੁਸ਼ੀ ਨਹੀਂ ਕੀਤੀ।
ਇਸ ਦੌਰਾਨ ਵਿਧਾਨ ਸਭਾ ਵਿੱਚ ਕਾਂਗਰਸੀ ਆਗੂ ਅਰਾਧਨਾ ਸ਼ੁਕਲਾ ਮੋਨਾ ਨੇ ਕਿਹਾ ਕਿ ਸਦਨ ਵਿੱਚ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਠੀਕ ਨਹੀਂ ਹੈ। ਬਾਅਦ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।
-ਪੀਟੀਆਈ