ਨਵੀਂ ਦਿੱਲੀ: ਇਥੇ 1997 ਦੇ ਉਪਹਾਰ ਸਿਨੇਮਾ ਅਗਨੀ ਕਾਂਡ ਨਾਲ ਜੁੜੇ ਸਬੂਤਾਂ ਨਾਲ ਛੇੜਛਾੜ ਦੇ ਕੇਸ ’ਚ ਦਿੱਲੀ ਦੀ ਅਦਾਲਤ ਨੇ ਕਾਰੋਬਾਰੀ ਸੁਸ਼ੀਲ ਤੇ ਗੋਪਾਲ ਆਂਸਲ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਅਗਨੀਕਾਂਡ ਵਿਚ 59 ਵਿਅਕਤੀਆਂ ਦੀ ਜਾਨ ਗਈ ਸੀ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਦੋਵਾਂ ਰੀਅਲ ਅਸਟੇਟ ਕਾਰੋਬਾਰੀਆਂ ਵੱਲੋਂ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ। ਆਂਸਲ ਭਰਾਵਾਂ ਦੇ ਨਾਲ ਦੋ ਹੋਰਾਂ ਨੇ ਵੀ ਮੈਜਿਸਟਰੇਟ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਸਜ਼ਾ ਬਾਰੇ ਫ਼ੈਸਲਾ ਅਦਾਲਤ ਹੁਣ ਭਲਕੇ ਸੁਣਾਏਗੀ। ਅਦਾਲਤ ਨੇ ਹਾਲਾਂਕਿ ਇਕ ਸਹਿ-ਮੁਲਜ਼ਮ ਅਨੂਪ ਸਿੰਘ ਨੂੰ ਕੇਸ ਵਿਚ ਬਰੀ ਕਰ ਦਿੱਤਾ ਹੈ ਤੇ ਜ਼ਮਾਨਤ ਦੇ ਦਿੱਤੀ ਹੈ। ਮੈਜਿਸਟਰੇਟ ਅਦਾਲਤ ਨੇ ਆਂਸਲ ਭਰਾਵਾਂ ਨੂੰ ਦੋਸ਼ੀ ਠਹਿਰਾਉਂਦਿਆਂ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਦੋਵਾਂ ਨੂੰ ਵੱਖ-ਵੱਖ ਤੌਰ ’ਤੇ 2.25 ਕਰੋੜ ਰੁਪਏ ਜੁਰਮਾਨਾ ਵੀ ਲਾਇਆ ਗਿਆ ਸੀ। ਇਸ ਤੋਂ ਪਹਿਲਾਂ ਆਂਸਲ ਭਰਾਵਾਂ ਤੋਂ ਇਲਾਵਾ ਅਦਾਲਤ ਨੇ ਸਾਬਕਾ ਕੋਰਟ ਸਟਾਫ਼ ਦਿਨੇਸ਼ ਚੰਦ ਸ਼ਰਮਾ ਅਤੇ ਦੋ ਹੋਰਾਂ- ਪੀਪੀ ਬੱਤਰਾ ਤੇ ਅਨੂਪ ਸਿੰਘ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਉਤੇ ਤਿੰਨ-ਤਿੰਨ ਲੱਖ ਰੁਪਏ ਜੁਰਮਾਨਾ ਵੀ ਲਾਇਆ ਗਿਆ ਸੀ। ਇਹ ਕੇਸ ਤ੍ਰਾਸਦੀ ਦੇ ਮੁੱਖ ਕੇਸ ਨਾਲ ਸਬੰਧਤ ਸਬੂਤਾਂ ਦੀ ਛੇੜਛਾੜ ਨਾਲ ਜੁੜਿਆ ਹੋਇਆ ਹੈ। -ਪੀਟੀਆਈ