ਨਵੀਂ ਦਿੱਲੀ, 25 ਜੁਲਾਈ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਯੂਪੀਏ ਸਰਕਾਰ ਵੱਲੋਂ ਆਪਣੀਆਂ ਏਜੰਸੀਆਂ ਜਾਂ ਕਿਸੇ ਵੀ ‘ਸਿਟ’ ਰਾਹੀਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨੂੰ ਕਦੇ ਵੀ ਤਲਬ ਨਹੀਂ ਕੀਤਾ ਗਿਆ ਸੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ‘ਬਦਲਾਖੋਰੀ ਦੀ ਰਾਜਨੀਤੀ’ ਕਰ ਰਹੀ ਹੈ। ਇੱਥੇ ਕਾਂਗਰਸ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਤਰਜਮਾਨ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਸਚਾਈ ਇਹ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਸ੍ਰੀ ਮੋਦੀ ਨੂੰ ਤਲਬ ਕੀਤਾ ਗਿਆ ਸੀ ਅਤੇ ਇਸ ਵਿੱਚ ਯੂਪੀਏ (ਸਾਂਝੇ ਪ੍ਰਗਤੀਸ਼ੀਲ ਗੱਠਜੋੜ) ਦਾ ਕੋਈ ਰੋਲ ਨਹੀਂ ਸੀ। ਉਨ੍ਹਾਂ ਕਿਹਾ, ‘‘ਭਾਰਤੀ ਜਨਤਾ ਪਾਰਟੀ ਅਤੇ ਇਸ ਨਾਲ ਕੁਝ ਜੁੜੇ ਲੋਕਾਂ ਵੱਲੋਂ ਇਹ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਬਿਨਾਂ ਵਿਰੋਧ ਕੀਤੇ 2002 ਦੇ ਗੁਜਰਾਤ ਦੰਗਿਆਂ ਦੀ ਜਾਂਚ ਕਰ ਰਹੀ ਸਿਟ ਸਾਹਮਣੇ ਪੇਸ਼ ਹੋਏ ਸਨ। ਪਰ ਸਚਾਈ ਇਹ ਹੈ ਕਿ ਜਦੋਂ ਸਿਟ ਸਾਹਮਣੇ ਮੋਦੀ ਨੂੰ ਸੱਦਿਆ ਗਿਆ ਸੀ ਤਾਂ ਭਾਜਪਾ ਨੇ ਪੂਰੇ ਗੁਜਰਾਤ ਵਿੱਚ ਕਾਂਗਰਸ ਅਤੇ ਗੱਠਜੋੜ ਸਰਕਾਰ ਅਤੇ ਰਾਜਪਾਲ ਖ਼ਿਲਾਫ਼ ਨਾਅਰੇ ਲਿਖਵਾਏ ਸਨ।’’ -ਪੀਟੀਆਈ