ਨਵੀਂ ਦਿੱਲੀ, 18 ਜਨਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਾਂਗਰਸ ਦੀ ਅਗਵਾਈ ਹੇਠੀ ਸਾਬਕਾ ਯੂਪੀਏ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਦੇਵਾਸ ਮਲਟੀਮੀਡੀਆ ਨੂੰ ਕੌਮੀ ਸੁਰੱਖਿਆ ਲਈ ਵਰਤਿਆ ਜਾਣ ਵਾਲਾ ਐੱਸ ਬੈਂਡ ਸਪੈਕਟਰਮ ਦੇ ਕੇ ਧੋਖਾਧੜੀ ਵਾਲਾ ਤੇ ਨਿੰਦਣਯੋਗ ਸੌਦਾ ਕੀਤਾ ਸੀ।
ਉਨ੍ਹਾਂ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸਰਕਾਰ ਹੁਣ ਟੈਕਸ ਭਰਨ ਵਾਲਿਆਂ ਦੇ ਪੈਸੇ ਬਚਾਉਣ ਲਈ ਹਰ ਅਦਾਲਤ ’ਚ ਲੜਾਈ ਲੜ ਰਹੀ ਹੈ ਨਹੀਂ ਤਾਂ ਇਹ ਰਾਸ਼ੀ ਸਾਲਸ ਵਜੋਂ ਭੁਗਤਾਨ ’ਚ ਚਲੀ ਜਾਵੇਗੀ ਜੋ ਦੇਵਾਸ ਨੇ 2005 ਦੇ ਸੌਦੇ ਰੱਦ ਕਰਨ ’ਤੇ ਜਿੱਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 17 ਜਨਵਰੀ ਨੂੰ ਦੇਵਾਸ ਮਲਟੀਮੀਡੀਆ ਦੇ ਦੀਵਾਲੀਆਪਣ ਨੂੰ ਇਸ ਆਧਾਰ ’ਤੇ ਬਰਕਰਾਰ ਰੱਖਿਆ ਕਿ ਇਸ ਨੂੰ ਧੋਖਾਧੜੀ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ ਸੀ। ਵਿੱਤ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਦੇਵਾਸ ਦੇ ਹਿੱਸੇਦਾਰਾਂ ਨੇ 1.29 ਅਰਬ ਡਾਲਰ ਦੀ ਵਸੂਲੀ ਲਈ ਵਿਦੇਸ਼ਾਂ ’ਚ ਭਾਰਤੀ ਜਾਇਦਾਦਾਂ ਜ਼ਬਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਦੇਵਾਸ ਨੂੰ ਇਸ ਰਾਸ਼ੀ ਦੀ ਭਰਪਾਈ ਦਾ ਹੁਕਮ ਕੌਮਾਂਤਰੀ ਸਾਲਸੀ ਟ੍ਰਿਬਿਊਨਲ ਨੇ ਦਿੱਤਾ ਸੀ।
ਸੀਤਾਰਾਮਨ ਨੇ 2005 ’ਚ ਹੋਏ ਸੌਦੇ ਬਾਰੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਤੇ ਦੇਸ਼ ਨਾਲ ਧੋਖਾ ਸੀ। ਉਨ੍ਹਾਂ ਕਿਹਾ ਕਿ ਐੱਸ-ਬੈਂਡ ਸਪੈਕਟਰਮ ਦੀ ਵਰਤੋਂ ਸਿਰਫ਼ ਰੱਖਿਆ ਸਬੰਧੀ ਕੰਮਾਂ ਲਈ ਕੀਤੀ ਜਾਂਦੀ ਹੈ ਅਤੇ ਉਸ ਨੂੰ ਥੋੜ੍ਹੀ ਜਿਹੀ ਰਕਮ ਬਦਲੇ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਵਾਸ ਨੇ ਉਹ ਗੱਲਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਜਿਨ੍ਹਾਂ ’ਤੇ ਉਸ ਦਾ ਅਧਿਕਾਰ ਵੀ ਨਹੀਂ ਸੀ। -ਪੀਟੀਆਈ