ਦੇਵਰੀਆ, 11 ਅਕਤੂਬਰ
ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿਚ ਇਕ ਮਹਿਲਾ ਕਾਂਗਰਸ ਵਰਕਰ ਦੀ ਸਾਥੀਆਂ ਵੱਲੋਂ ਪਾਰਟੀ ਬੈਠਕ ਦੌਰਾਨ ਖਿੱਚ-ਧੂਹ ਕੀਤੀ ਗਈ। ਹੱਥੋਪਾਈ ਕਰਨ ਵਾਲੇ ਦੋ ਜਣਿਆਂ ਨੂੰ ਪਾਰਟੀ ਨੇ ਕੱਢ ਦਿੱਤਾ ਹੈ। ਇਸ ਮਹਿਲਾ ਨੇ ਦੋਸ਼ ਲਾਇਆ ਸੀ ਕਿ ਇਕ ‘ਬਲਾਤਕਾਰੀ’ ਨੂੰ ਵਿਧਾਨ ਸਭਾ ਜ਼ਿਮਨੀ ਚੋਣ ਲਈ ਟਿਕਟ ਦੇ ਦਿੱਤਾ ਗਿਆ ਹੈ। ਪਾਰਟੀ ਨੇ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ।
ਦੋ ਮੈਂਬਰਾਂ ਨੂੰ ‘ਅਨੁਸ਼ਾਸਨ ਦਾ ਪਾਲਣ ਨਾ ਕਰਨ’ ਲਈ ਕੱਢ ਦਿੱਤਾ ਗਿਆ ਹੈ। ਕੌਮੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਯੂਪੀ ਦੇ ਡੀਜੀਪੀ ਨੂੰ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਮਹਿਲਾ ਤਾਰਾ ਯਾਦਵ ਨੇ ਪਾਰਟੀ ਦੇ ਚਾਰ ਅਹੁਦੇਦਾਰਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਜ਼ਿਲ੍ਹਾ ਪ੍ਰਧਾਨ ’ਤੇ ਕੁੱਟਮਾਰ ਕਰਨ ਤੇ ਛੇੜਛਾੜ ਦੇ ਦੋਸ਼ ਲਾਏ ਹਨ।
-ਪੀਟੀਆਈ