ਨਵੀਂ ਦਿੱਲੀ, 10 ਜੁਲਾਈ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ’ਚ ਬਲਾਕ ਪੰਚਾਇਤ ਚੋਣਾਂ ਦੀ ਨਾਮਜ਼ਦਗੀ ਦੌਰਾਨ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਸਮਰਥਕ ਮਹਿਲਾ ’ਤੇ ਹਮਲਾ ਕਰਨ ਅਤੇ ਉਸ ਦੀ ਸਾੜੀ ਖਿੱਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਵੱਲੋਂ ਇਸ ਘਟਨਾ ਦਾ ਨੋਟਿਸ ਲੈਂਦਿਆਂ ਯੂਪੀ ਦੇ ਡੀਜੀਪੀ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਚਿੱਠੀ ਲਿਖੀ ਗਈ ਸੀ। ਇਸ ਮਗਰੋਂ 6 ਪੁਲੀਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਸਾਹਮਣੇ ਲੋਕਾਂ ਨੇ ਮਹਿਲਾ ਨਾਲ ਬਦਤਮੀਜ਼ੀ ਕੀਤੀ ਸੀ। ਮਹਿਲਾ ਦੀ ਸਾੜੀ ਖਿੱਚਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਦੋ ਵਿਅਕਤੀ ਲਖੀਮਪੁਰ ਖੀਰੀ ਜ਼ਿਲ੍ਹੇ ’ਚ ਪਾਸਗਾਵਾਨ ਬਲਾਕ ਦੇ ਦਫ਼ਤਰ ਬਾਹਰ ਮਹਿਲਾ ਦੀ ਸ਼ਰੇਆਮ ਸਾੜੀ ਖਿਚਦੇ ਹੋਏ ਦਿਖਾਈ ਦੇ ਰਹੇ ਹਨ। ਖੇੜੀ ਪੁਲੀਸ ਨੇ ਕਿਹਾ ਕਿ ਮਹਿਲਾ ਨਾਲ ਦੁਰਵਿਹਾਰ ਲਈ ਵੱਖ ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ ਗਈ ਹੈ। ਉਧਰ ਬਹਿਰਾਈਚ ’ਚ ਬੀਡੀਸੀ ਮੈਂਬਰ ਦੇ ਰਿਸ਼ਤੇਦਾਰ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਜਦੋਂ ਭਾਜਪਾ ਉਮੀਦਵਾਰ ਦੇ ਪਤੀ ਅਤੇ ਸਮਰਥਕਾਂ ਨੇ ਬਲਾਕ ਪੰਚਾਇਤ ਚੋਣਾਂ ਤੋਂ ਪਹਿਲਾਂ ਉਸ ਦੇ ਰਿਸ਼ਤੇਦਾਰ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਿਊਟੀ ’ਚ ਅਣਗਹਿਲੀ ਲਈ ਖਾਰੀਘਾਟ ਪੁਲੀਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਿਮਲੇਸ਼ ਕੁਮਾਰ ਸਿੰਘ ਅਤੇ ਸਿਪਾਹੀ ਜਿਤੇਂਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ’ਚ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ’ਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਹਿਰਾਈਚ ਦੇ ਐੱਸਪੀ ਸੁਜਾਤਾ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦੋਸ਼ੀਆਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਲਾਇਆ ਜਾਵੇਗਾ। -ਆਈਏਐਨਐਸ/ਪੀਟੀਆਈ