ਨਵੀਂ ਦਿੱਲੀ (ਪੱਤਰ ਪ੍ਰੇਰਕ): ਲਾਲ ਕਿਲਾ ਹਿੰਸਾ ਮਾਮਲੇ ਵਿੱਚ ਅਦਾਲਤ ਨੇ ਲੱਖਾ ਸਿਧਾਣਾ ਦੀ ਅੰਤਰਿਮ ਰਾਹਤ ’ਚ 20 ਜੁਲਾਈ ਤੱਕ ਵਾਧਾ ਕਰਦਿਆਂ ਦਿੱਲੀ ਪੁਲੀਸ ਨੂੰ ਉਸ ਨੂੰ ਗ੍ਰਿਫ਼ਤਾਰ ਨਾ ਕਰਨ ਦੀ ਹਦਾਇਤ ਦਿੱਤੀ ਹੈ। ਤੀਸ ਹਜ਼ਾਰੀ ਅਦਾਲਤ ਵੱਲੋਂ ਕੇਸ ਦੀ ਸੁਣਵਾਈ ਕੀਤੀ ਗਈ। ਦਿੱਲੀ ਪੁਲੀਸ ਨੇ ਅਦਾਲਤ ਨੂੰ ਅਜੇ ਤੱਕ ਸਿਧਾਣਾ ਦੀ ਅਗਾਊਂ ਜ਼ਮਾਨਤ ਬਾਰੇ ਪਾਈ ਪਟੀਸ਼ਨ ’ਤੇ ਜਵਾਬ ਨਹੀਂ ਦਿੱਤਾ ਹੈ। ਜੱਜ ਕਾਮਿਨੀ ਲੌਅ ਨੇ ਕਿਹਾ,‘‘ਅਦਾਲਤ ਜੇਲ੍ਹ ਭਰੋ ਅੰਦੋਲਨ ਨਹੀਂ ਚਾਹੁੰਦੀ ਹੈ ਅਤੇ ਇਹ ਸਿਆਸੀ ਮੁੱਦੇ ਹਨ। ਜੇਕਰ ਪ੍ਰਦਰਸ਼ਨਕਾਰੀ ਕਿਸੇ ਮੁੱਦੇ ਨੂੰ ਉਭਾਰਨਾ ਚਾਹੁੰਦੇ ਹਨ ਤਾਂ ਕੀ ਉਹ ਗ਼ਲਤ ਹਨ? ਮੈਂ ਉਨ੍ਹਾਂ ਮਾਮਲਿਆਂ ’ਚ ਦਖ਼ਲ ਨਹੀਂ ਦੇਵਾਂਗੀ ਜਿਥੇ ਬੁਨਿਆਦੀ ਹੱਕਾਂ ਦੀ ਗੱਲ ਸ਼ਾਮਲ ਹੈ।’’ ਲੱਖੇ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਵੀ ਦਿੱਤੇ। ਉਸ ਨੂੰ ਗ੍ਰਿਫ਼ਤਾਰੀ ਤੋਂ 3 ਜੁਲਾਈ ਤੱਕ ਅੰਤਰਿਮ ਰਾਹਤ ਦਿੱਤੀ ਗਈ ਸੀ। ਲੱਖੇ ਦਾ ਰਿਮਾਂਡ ਮੰਗਦਿਆਂ ਪੁਲੀਸ ਨੇ ਕਿਹਾ ਕਿ ਉਸ ਦਾ ਮੋਬਾਈਲ ਬਰਾਮਦ ਕਰਕੇ ਲਾਲ ਕਿਲੇ ਨਾਲ ਸਬੰਧਤ ਉਸ ਦੀਆਂ ਕਾਲਾਂ ਦੇ ਵੇਰਵੇ ਹਾਸਲ ਕਰਨੇ ਹਨ। ਲੱਖਾ ਸਿਧਾਣਾ ਦੇ ਵਕੀਲ ਨੇ ਦਿੱਲੀ ਪੁਲੀਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਜਾਂਚ ’ਚ ਸ਼ਾਮਲ ਹੋਣਾ ਚਾਹੁੰਦਾ ਹੈ। ਪੁਲੀਸ ਸੂਤਰਾਂ ਮੁਤਾਬਕ ਲੱਖਾ ਸਿਧਾਣਾ ਦਿੱਲੀ ਆਇਆ ਅਤੇ ਉਸ ਤੋਂ ਸਬੰਧਤ ਮਾਮਲੇ ਵਿੱਚ ਕੁੱਝ ਸਵਾਲ ਪੁੱਛੇ ਗਏ। ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਨੂੰ ਦੋ ਹਫ਼ਤੇ ਲਈ ਅੰਤਰਿਮ ਰਾਹਤ ਅਦਾਲਤ ਵੱਲੋਂ ਮਿਲੀ ਹੋਈ ਹੈ।