ਨਵੀਂ ਦਿੱਲੀ, 9 ਮਾਰਚ
ਈਡੀ ਨੇ ਉੱਤਰ ਪ੍ਰਦੇਸ਼ ਵਿਚ ਬਸਪਾ ਦੇ ਸਾਬਕਾ ਵਿਧਾਨ ਪ੍ਰੀਸ਼ਦ ਮੈਂਬਰ ਮੁਹੰਮਦ ਇਕਬਾਲ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਸੱਤ ਖੰਡ ਮਿੱਲਾਂ ਜ਼ਬਤ ਕਰ ਲਈਆਂ ਹਨ। ਕੇਂਦਰੀ ਏਜੰਸੀ ਨੇ ਮਨੀ ਲਾਂਡਰਿੰਗ ਕੇਸ ਤਹਿਤ 1097 ਕਰੋੜ ਰੁਪਏ ਦੀਆਂ ਮਿੱਲਾਂ ਜ਼ਬਤ ਕੀਤੀਆਂ ਹਨ। ਕਾਲੇ ਧਨ ਨੂੰ ਸਫ਼ੈਦ ਕਰਨ ਬਾਰੇ ਕਾਨੂੰਨ (ਪੀਐਮਐਲਏ) ਤਹਿਤ ਸੰਪਤੀ ਜ਼ਬਤ ਕਰਨ ਦੇ ਹੁਕਮ ਏਜੰਸੀ ਦੇ ਲਖ਼ਨਊ ਸਥਿਤ ਜ਼ੋਨਲ ਦਫ਼ਤਰ ਨੇ ਜਾਰੀ ਕੀਤੇ ਹਨ। ਇਕਬਾਲ ਦੀ ‘ਮਾਲਕੀ’ ਵਾਲੀਆਂ ਮਿੱਲਾਂ ਕੁਸ਼ੀਨਗਰ, ਬਰੇਲੀ, ਦਿਓਰੀਆ, ਹਰਦੋਈ ਤੇ ਬਾਰਾਬਾਂਕੀ ਜ਼ਿਲ੍ਹਿਆਂ ਵਿਚ ਹਨ। ਇਹ ਮਿੱਲਾਂ 2010-11 ਦੌਰਾਨ ਇਕਬਾਲ ਤੇ ਉਸ ਦੇ ਪਰਿਵਾਰ ਨੂੰ ਅਪਨਿਵੇਸ਼/ਵਿਕਰੀ ਪ੍ਰਕਿਰਿਆ ਤਹਿਤ ਸਿਰਫ਼ 60.28 ਕਰੋੜ ਰੁਪਏ ਵਿਚ ਦੇ ਦਿੱਤੀਆਂ ਗਈਆਂ ਸਨ। ਈਡੀ ਨੇ ਦੋਸ਼ ਲਾਇਆ ਹੈ ਕਿ ਇਹ ਮਿੱਲਾਂ ਫ਼ਰਜ਼ੀ ਕੰਪਨੀਆਂ ਦੇ ਨਾਂ ਉਤੇ ਖ਼ਰੀਦੀਆਂ ਗਈਆਂ ਸਨ ਜੋ ਕਿ ਇਕਬਾਲ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਨ। ਈਡੀ ਦੇ ਜਾਇੰਟ ਡਾਇਰੈਕਟਰ (ਲਖ਼ਨਊ) ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਰਜ਼ੀ ਕੰਪਨੀਆਂ ਰਾਹੀਂ ਕਾਲੇ ਧਨ ਨੂੰ ਸਫ਼ੈਦ ਕੀਤਾ। ਏਜੰਸੀ ਨੇ ਪਿਛਲੇ ਸਾਲ ਅਕਤੂਬਰ ਵਿਚ ਵੀ ਸਹਾਰਨਪੁਰ ਅਧਾਰਿਤ ਇਕਬਾਲ ਦੇ ਟਿਕਾਣਿਆਂ ਉਤੇ ਛਾਪੇ ਮਾਰੇ ਸਨ। ਈਡੀ ਤੇ ਸੀਬੀਆਈ ਸਾਬਕਾ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। -ਪੀਟੀਆਈ