ਬਰੇਲੀ, 8 ਮਈ
ਬਰੇਲੀ ਦੇ ਹਾਰਟਮੈਨ ਸਕੂਲ ’ਚ ਪੜ੍ਹਦੇ ਕਰੀਬ 35 ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਫੀਸ ਅਦਾ ਨਾ ਕਰਨ ’ਤੇ ਪ੍ਰਬੰਧਕਾਂ ਨੇ ਬੱਚਿਆਂ ਨੂੰ ਬੰਧਕ ਬਣਾ ਲਿਆ ਸੀ ਤੇ ਉਹ ਇਸ ਦੀ ਸ਼ਿਕਾਇਤ ਦਰਜ ਕਰਾਉਣਗੇ। ਰਿਪੋਰਟਾਂ ਮੁਤਾਬਕ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਸ਼ਨਿਚਰਵਾਰ ਇਕ ਕਮਰੇ ਵਿਚ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਫੀਸ ਨਹੀਂ ਆਈ ਸੀ। ਮਾਪੇ ਜਦੋਂ ਛੁੱਟੀ ਹੋਣ ’ਤੇ ਬੱਚਿਆਂ ਨੂੰ ਲੈਣ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਚਿਆਂ ਨੂੰ ਕਮਰੇ ਵਿਚ ਬੰਦ ਕਰ ਕੇ ਰੱਖਿਆ ਗਿਆ ਹੈ। ਇਸ ’ਤੇ ਮਾਪਿਆਂ ਨੇ ਉੱਥੇ ਹੰਗਾਮਾ ਕਰ ਦਿੱਤਾ। ਜਦ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਜਾਣ ਨਹੀਂ ਦਿੱਤਾ ਤਾਂ ਮਾਪਿਆਂ ਨੇ ਪੁਲੀਸ ਨੂੰ ਮਦਦ ਲਈ ਸੱਦਿਆ। ਪੁਲੀਸ ਦੇ ਦਖ਼ਲ ’ਤੇ ਬੱਚਿਆਂ ਨੂੰ ਪ੍ਰਿੰਸੀਪਲ ਦੇ ਦਫ਼ਤਰ ’ਚੋਂ ਕੱਢਿਆ ਗਿਆ। ਕੁਝ ਬੱਚੇ ਸਹਿਮੇ ਹੋਏ ਸਨ ਤੇ ਕੁਝ ਰੋ ਰਹੇ ਸਨ। ਪੁਲੀਸ ਮੁਤਾਬਕ ਉਨ੍ਹਾਂ ਨੂੰ ਸਕੂਲ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ ਹੈ। -ਆਈਏਐਨਐੱਸ