ਲਖਨਊ, 12 ਦਸੰਬਰ
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਸੂਰਤ ਵਿੱਚ ਇਸ ਮਹਾਮਾਰੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਕੋਲ ਵਿਸ਼ਵ ਵਿੱਚ ਬਿਹਤਰੀਨ ਕੋਵਿਡ-19 ਪ੍ਰਬੰਧਨ ਪ੍ਰਣਾਲੀ ਹੈ ਅਤੇ ਉਤਰ ਪ੍ਰਦੇਸ਼ ਨੇ ਭਾਰਤ ਵਿੱਚ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਭ ਤੋਂ ਵਧੀਆ ਪ੍ਰਬੰਧ ਕੀਤਾ ਹੈ। ਇੱਥੇ ‘ਨਿਸ਼ੁਲਕ ਰਾਸ਼ਨ ਵਿਤਰਣ ਮਹਾਅਭਿਆਨ’ ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਯੋਗੀ ਨੇ ਕਿਹਾ, ‘‘ਇਸ ਸਮੇਂ ਜਦੋਂ ਦੁਨੀਆ ਕਰੋਨਾ ਦੀ ਤੀਜੀ ਲਹਿਰ ਤੋਂ ਸਹਿਮੀ ਹੋਈ ਹੈ, ਕੇਂਦਰ ਅਤੇ ਉਤਰ ਪ੍ਰਦੇਸ਼ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਸਾਡੇ ਵੱਲੋਂ ਜਾਂਚ, ਇਲਾਜ ਅਤੇ ਟੀਕਾਕਰਨ ਮੁਫ਼ਤ ਦੇਣ ਤੋਂ ਇਲਾਵਾ ਮੁਫ਼ਤ ਅਨਾਜ ਦੇਣ ਲਈ ਮੁਹਿੰਮ ਚਲਾਈ ਜਾ ਰਹੀ ਹੈ।’’
ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਆਦਿੱਤਿਆਨਾਥ ਨੇ ਕਿਹਾ, ‘‘ਬਹੁਤ ਸਾਰੇ ਲੋਕਾਂ ਨੇ ਟੀਕਾਕਰਨ ਖ਼ਿਲਾਫ਼ ਪ੍ਰਚਾਰ ਵਿੱਢਿਆ ਹੋਇਆ ਹੈ। ਅਜਿਹਾ ਕਰ ਕੇ ਉਹ ਕੋਵਿਡ-19 ਖ਼ਿਲਾਫ਼ ਦੇਸ਼ ਦੀ ਲੜਾਈ ਨੂੰ ਕਮਜ਼ੋਰ ਕਰ ਰਹੇ ਹਨ। ਉਹ ਅੰਦਰਖਾਤੇ ਖ਼ੁਦ ਵੈਕਸੀਨ ਲੈ ਰਹੇ ਹਨ, ਪਰ ਸਿਆਸੀ ਮੁਫ਼ਾਦਾਂ ਲਈ ਗ਼ਰੀਬਾਂ ਨੂੰ ਗੁਮਰਾਹ ਕਰ ਰਹੇ ਹਨ।’’ -ਪੀਟੀਆਈ