ਅਲੀਗੜ੍ਹ (ਯੂਪੀ): ਇੱਥੇ ਹਾਈਵੇਅ ’ਤੇ ਪੰਜਾਬ ਦੀ ਇੱਕ ਨਿੱਜੀ ਬੱਸ ਸੜਕ ਕਿਨਾਰੇ ਖੜ੍ਹੇ ਵਾਹਨਾਂ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਧੇ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਜਟਾਰੀ ਅਤੇ ਟਪਾਲ ਟਾਊਨਸ਼ਿਪ ਵਿਚਾਲੇ ਵਾਪਰੀ। ਮ੍ਰਿਤਕਾਂ ਦੀ ਪਛਾਣ ਮਦਨ ਭਗਤ (62), ਦਿਨੇਸ਼ (25), ਅਮਰ ਸਿੰਘ (38) ਸੰਤੋਸ਼ (22) ਅਤੇ ਬੱਸ ਡਰਾਈਵਰ ਜੈਪ੍ਰਕਾਸ਼ (45) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਸੰਤੁਲਨ ਗੁਆਚਣ ਕਾਰਨ ਬੱਸ ਸੜਕ ਕਿਨਾਰੇ ਖੜ੍ਹੇ ਦਰਜਨਾਂ ਵਾਹਨਾਂ ਨਾਲ ਟਕਰਾ ਗਈ। ਇਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਹਸਪਤਾਲ ਜਾ ਕੇ ਦਮ ਤੋੜਿਆ। ਚਸ਼ਮਦੀਦਾਂ ਅਨੁਸਾਰ ਬੱਸ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਜਾਪ ਰਿਹਾ ਸੀ। ਜ਼ਖ਼ਮੀਆਂ ਨੂੰ ਨੇੜਲੇ ਜ਼ਿਲ੍ਹਾ ਅਤੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ । -ਪੀਟੀਆਈ