*ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੇ ਬਨਵਾਰੀਪੁਰ ਦੇ ਸਕੂਲ ਵਿੱਚ ਵੋਟ ਪਾਈ *ਕਰਹਲ ਦੇ ਇਕ ਪੋਲਿੰਗ ਸਟੇਸ਼ਨ ’ਤੇ ਮੁੜ ਪੋਲਿੰਗ ਦੇ ਹੁਕਮ
ਲਖਨਊ, 23 ਫਰਵਰੀ
ਉੱਤਰ ਪ੍ਰਦੇਸ਼ ਦੇ 59 ਅਸੈਂਬਲੀ ਹਲਕਿਆਂ ਲਈ ਅੱਜ ਹੋਈ ਚੌਥੇ ਗੇੜ ਦੀ ਪੋਲਿੰਗ ਦੌਰਾਨ 59.77 ਫੀਸਦ ਵੋਟਿੰਗ ਦਰਜ ਕੀਤੀ ਗਈ। ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏ ਬਰੇਲੀ, ਬਾਂਦਾ ਤੇ ਫ਼ਤਹਿਪੁਰ ਜ਼ਿਲ੍ਹਿਆਂ ਵਿੱਚ ਹੋਈ ਵੋਟਿੰਗ ਦੌਰਾਨ ਕੁੱਲ 624 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਵੋਟਿੰਗ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਖ਼ਤਮ ਹੋਇਆ। ਲਖੀਮਪੁਰ ਖੀਰੀ ਹਿੰਸਾ ਕੇਸ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੇ ਬਨਵਾਰੀਪੁਰ ਦੇ ਸਕੂਲ ’ਚ ਵੋਟ ਪਾਈ। ਚੌਥਾ ਗੇੜ ਭਾਵੇਂ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ, ਪਰ ਸਮਾਜਵਾਦੀ ਪਾਰਟੀ ਨੇ ਲਖਨਊ ਤੇ ਕੁਝ ਹੋਰਨਾਂ ਅਸੈਂਬਲੀ ਹਲਕਿਆਂ ਵਿੱਚ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਹੈ। ਚੋਣ ਕਮਿਸ਼ਨ ਨੇ ਕਰਹਲ ਅਸੈਂਬਲੀ ਹਲਕੇ ਦੇ ਇਕ ਪੋਲਿੰਗ ਸਟੇਸ਼ਨ ’ਤੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਹਨ।
ਭਾਰਤੀ ਚੋਣ ਕਮਿਸ਼ਨ ਮੁਤਾਬਕ ਪੀਲੀਭੀਤ ਵਿੱਚ 61.33 ਫੀਸਦ, ਖੀਰੀ 62.42, ਸੀਤਾਪੁਰ 58.39, ਹਰਦੋਈ 55.29, ਉਨਾਓ 54.05, ਲਖਨਊ 55.08, ਰਾਏ ਬਰੇਲੀ 58.40, ਬਾਂਦਾ 57.54 ਤੇ ਫ਼ਤਹਿਪੁਰ ਵਿੱਚ 57.02 ਫੀਸਦ ਪੋਲਿੰਗ ਹੋਈ। ਮੈਨਪੁਰੀ ਜ਼ਿਲ੍ਹੇ ਵਿੱਚ ਪੈਂਦੇ ਕਰਹਲ ਅਸੈਂਬਲੀ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 266 ਉੱਤੇ ਸ਼ਾਮ ਪੰਜ ਵਜੇ ਤੱਕ 73.67 ਫੀਸਦ ਵੋਟਾਂ ਪਈਆਂ ਸਨ, ਪਰ ਚੋਣ ਕਮਿਸ਼ਨ ਨੇ ਇਥੇ ਮੁੜ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਕਰਹਲ ਅਸੈਂਬਲੀ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਭਾਜਪਾ ਦੇ ਐੱਸ.ਪੀ.ਸਿੰਘ ਖਿਲਾਫ਼ ਚੋਣ ਮੈਦਾਨ ਵਿੱਚ ਹਨ। ਕਰਹਲ ਵਿੱਚ 20 ਫਰਵਰੀ ਨੂੰ ਤੀਜੇ ਗੇੜ ਤਹਿਤ ਵੋਟਾਂ ਪਈਆਂ ਸਨ।
ਚੋਣ ਕਮਿਸ਼ਨ ਨੇ ਚੌਥੇ ਗੇੜ ਦੌਰਾਨ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਸਿਰੇ ਚੜ੍ਹਨ ਦਾ ਦਾਅਵਾ ਕੀਤਾ ਹੈ, ਪਰ ਸਮਾਜਵਾਦੀ ਪਾਰਟੀ ਨੇ ਲਖਨਊ, ਉਨਾਓ, ਹਰਦੋਈ ਤੇ ਸੀਤਾਪੁਰ ਵਿੱਚ ਕੁਝ ਥਾਈਂ ਕਥਿਤ ਬੇਨਿਯਮੀਆਂ ਦੀ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਲਖਨਊ ਵਿੱਚ ਬਸਪਾ ਮੁਖੀ ਮਾਇਆਵਤੀ, ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ, ਸੂਬਾ ਸਰਕਾਰ ’ਚ ਮੰਤਰੀ ਬ੍ਰਿਜੇਸ਼ ਪਾਠਕ ਤੇ ਕੁਝ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਅੱਜ ਵੋਟਿੰਗ ਦਾ ਅਮਲ ਸ਼ੁਰੂ ਹੁੰਦੇ ਸਾਰ ਹੀ ਆਪੋ ਆਪਣੀ ਵੋਟ ਭੁਗਤਾਈ। ਲਖੀਮਪੁਰ ਖੀਰੀ ਹਿੰਸਾ ਕੇਸ, ਜਿਸ ਵਿੱਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੇ ਬਨਵਾਰੀਪੁਰ ਦੇ ਸਕੂਲ ਵਿੱਚ ਬਣੇ ਬੂਥ ’ਤੇ ਜਾ ਕੇ ਵੋਟ ਪਾਈ। ਆਸ਼ੀਸ਼ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਪਰਹੇਜ਼ ਹੀ ਕੀਤਾ। ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਅਜੈ ਮਿਸ਼ਰਾ ਉਰਫ਼ ਟੈਨੀ ਨੇ ਵੀ ਵੋਟ ਪਾਈ। ਚੋਣ ਕਮਿਸ਼ਨ ਮੁਤਾਬਕ ਚੌਥੇ ਗੇੜ ਲਈ ਕੁੱਲ 2.3 ਕਰੋੜ ਲੋਕ ਵੋਟਿੰਗ ਦੇ ਯੋਗ ਸਨ। ਇਨ੍ਹਾਂ ਵਿੱਚ 1.14 ਕਰੋੜ ਪੁਰਸ਼ ਤੇ 99.3 ਲੱਖ ਮਹਿਲਾਵਾਂ ਸਨ। ਚੋਣ ਕਮਿਸ਼ਨ ਨੇ ਇਸ ਗੇੜ ਲਈ 24,643 ਪੋਲਿੰਗ ਬੂਥ ਤੇ 13,817 ਪੋਲਿੰਗ ਕੇਂਦਰ ਸਥਾਪਤ ਕੀਤੇ ਸਨ। ਸਾਲ 2017 ਦੀਆਂ ਅਸੈਂਬਲੀ ਚੋਣਾਂ ਮੌਕੇ ਭਾਜਪਾ ਨੇ ਇਨ੍ਹਾਂ 59 ਸੀਟਾਂ ਵਿੱਚੋਂ 51 ’ਤੇ ਜਿੱਤ ਦਰਜ ਕੀਤੀ ਸੀ। ਚਾਰ ਸੀਟਾਂ ਸਪਾ, ਤਿੰਨ ਬਸਪਾ ਤੇ ਇਕ ਸੀਟ ਅਪਨਾ ਦਲ ਦੇ ਹਿੱਸੇ ਆਈ ਸੀ। ਹੁਣ ਯੋਗੀ ਸਰਕਾਰ ’ਚ ਕਾਨੂੰਨ ਮੰਤਰੀ ਬ੍ਰਿਜੇਸ਼ ਪਾਠਕ, ਸਪਾ ਦੇ ਕੌਮੀ ਤਰਜਮਾਨ ਅਨੁਰਾਗ ਭਦੌਰੀਆ ਆਦਿ ਦਾ ਸਿਆਸੀ ਭਵਿੱਖ ਈਵੀਐੱਮਜ਼ ’ਚ ਬੰਦ ਹੋ ਗਿਆ। -ਪੀਟੀਆਈ