ਬਹਾਦਰਜੀਤ ਸਿੰਘ/ਏਜੰਸੀ
ਰੂਪਨਗਰ/ਲਖਨਊ, 5 ਅਪਰੈਲ
ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਉੱਤਰ ਪ੍ਰਦੇਸ਼ ਦੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮਊ ਤੋਂ ਵਿਧਾਇਕ ਮੁਖਤਾਰ ਅੰਸਾਰੀ ਦੀ ਹਵਾਲਗੀ ਲਈ ਅੱਜ ਯੂਪੀ ਦੇ ਲਖਨਊ ਤੋਂ ਰਵਾਨਾ ਹੋਈ ਪੁਲੀਸ ਦੇ ਦੇਰ ਰਾਤ ਪੰਜਾਬ ਪਹੁੰਚੇਗੀ। ਉਸ ਨੂੰ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਤੋਂ ਯੂਪੀ ਦੀ ਬਾਂਦਾ ਜੇਲ੍ਹ ’ਚ ਲਿਜਾਏ ਜਾਣ ਦੀ ਸੰਭਾਵਨਾ ਹੈ। ਯੂਪੀ ਤੋਂ ਪੰਜਾਬ ਆ ਰਹੀ ਟੀਮ ਵਿਚ 80 ਪੁਲੀਸ ਕਰਮੀ ਸ਼ਾਮਲ ਹਨ। ਉਨ੍ਹਾਂ ਕੋਲ ਅਤਿ-ਆਧੁਨਿਕ ਹਥਿਆਰ ਹਨ। ਇਸ ਤੋਂ ਇਲਾਵਾ ਪੀਏਸੀ ਦੀ ਇਕ ਕੰਪਨੀ ਵੀ ਨਾਲ ਆ ਰਹੀ ਹੈ। ਬਾਂਦਾ ਜੇਲ੍ਹ ਵਿਚ ਅੰਸਾਰੀ ਨੂੰ ਰੱਖਣ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰ ਲਏ ਗਏ ਹਨ। ਉਸ ਨੂੰ ਬੈਰਕ ਨੰਬਰ-15 ਵਿਚ ਰੱਖਿਆ ਜਾਵੇਗਾ ਜਿੱਥੇ ਕੋਈ ਹੋਰ ਕੈਦੀ ਨਹੀਂ ਹੋਵੇਗਾ। ਬੈਰਕ ਵਿਚ ਤਿੰਨ ਗਾਰਡ ਤਾਇਨਾਤ ਕੀਤੇ ਜਾਣਗੇ। ਟੀਮ ਤਕਰੀਬਨ 900 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਅੱਜ ਦੇਰ ਰਾਤ ਜਾਂ ਮੰਗਲਵਾਰ ਸਵੇਰ ਤੱਕ ਰੂਪਨਗਰ ਪੁੱਜੇਗੀ। ਮੰਗਲਵਾਰ ਨੂੰ ਹੀ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਪੁਲੀਸ ਦੀ ਇੱਕ ਹੋਰ ਟੀਮ, ਜੋ ਕਿ ਐਤਵਾਰ ਨੂੰ ਬਾਰਾਬੰਕੀ ਤੋਂ ਰੂਪਨਗਰ ਪੁੱਜੀ ਸੀ, ਨੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਰਜਿਸਟਰਡ ਕਰਵਾਈ ਗਈ ਐਂਬੂਲੈਂਸ, ਜਿਸ ਨੂੰ ਮੁਖਤਾਰ ਅੰਸਾਰੀ ਵਰਤਦਾ ਸੀ, ਬਾਰੇ ਜਾਂਚ ਕੀਤੀ। ਇਸੇ ਐਂਬੂਲੈਂਸ ਵਿੱਚ ਮੁਖਤਾਰ ਅੰਸਾਰੀ ਨੂੰ ਬੀਤੇ ਦਿਨੀਂ ਮੁਹਾਲੀ ਅਦਾਲਤ ਵਿੱਚ ਪੇਸ਼ੀ ਲਈ ਲਿਜਾਇਆ ਗਿਆ ਸੀ ਅਤੇ ਇਹ 4 ਅਪਰੈਲ ਦੀ ਰਾਤ ਨੂੰ ਰੂਪਨਗਰ ਨੇੜੇ ਪਿੰਡ ਖਵਾਸਪੁਰਾ ਕੋਲ ਲਾਵਾਰਿਸ ਖੜ੍ਹੀ ਪਾਈ ਗਈ ਸੀ। ਇਸ ਨੂੰ ਰੂਪਨਗਰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਪੰਜਾਬ ਸਰਕਾਰ ’ਤੇ ਅੰਸਾਰੀ ਦੀ ਹਵਾਲਗੀ ਰੋਕਣ ਲਈ ਯਤਨ ਕਰਨ ਦੇ ਦੋਸ਼
ਲਖ਼ਨਊ: ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਅੱਜ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਯੂਪੀ ਪੁਲੀਸ ਨੂੰ ਹਵਾਲਗੀ ਰੋਕਣ ਲਈ ਹਰ ਸੰਭਵ ਯਤਨ ਕੀਤਾ ਹੈ ਪਰ ਇਸ ਨੂੰ ਯੂਪੀ ਸਰਕਾਰ ਅੱਗੇ ਝੁਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਖ਼ਿਲਾਫ਼ ਯੂਪੀ ਸਰਕਾਰ ਹਰ ਸਖ਼ਤ ਕਦਮ ਚੁੱਕੇਗੀ, ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ। ਮੰਤਰੀ ਨੇ ਕਿਹਾ ਕਿ ‘ਮਾਫ਼ੀਆ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।’ ਜ਼ਿਕਰਯੋਗ ਹੈ ਕਿ ਅੰਸਾਰੀ ਦੀ ਹਵਾਲਗੀ ਲਈ ਸੁਪਰੀਮ ਕੋਰਟ ਵਿਚ ਯੂਪੀ ਤੇ ਪੰਜਾਬ ਸਰਕਾਰ ਵਿਚਾਲੇ ਕੇਸ ਦੀ ਸੁਣਵਾਈ ਹੋਈ ਹੈ। ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਅੰਸਾਰੀ ਨੂੰ ਯੂਪੀ ਪੁਲੀਸ ਹਵਾਲੇ ਕੀਤਾ ਜਾਵੇ। -ਪੀਟੀਆਈ