ਨਵੀਂ ਦਿੱਲੀ, 12 ਅਕਤੂਬਰ
ਹਾਥਰਸ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ’ਤੇ ਹਮਲੇ ਜਾਰੀ ਰੱਖਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦੋਸ਼ ਲਾਇਆ ਕਿ ਸੂਬਾ ਸਰਕਾਰ ਗ਼ੈਰ-ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਅਧਿਕਾਰੀ ਅਪਰਾਧੀਆਂ ਨੂੰ ਜੇਲ੍ਹਾਂ ’ਚ ਪਾਉਣ ਦੀ ਥਾਂ ਪੀੜਤ ਪਰਿਵਾਰ ’ਤੇ ਦੋਸ਼ ਲਾ ਰਹੀਆਂ ਹਨ। ਕਾਂਗਰਸ ਆਗੂਆਂ ਨੇ ਨਾਲ ਹੀ ਸੋਸ਼ਲ ਮੀਡੀਆ ’ਤੇ ਮੁਹਿੰਮ ਸ਼ੁਰੂ ਕਰਦਿਆਂ ਲੋਕਾਂ ਨੂੰ ਤੇ ਖਾਸ ਕਰਕੇ ਮਹਿਲਾਵਾਂ ਨੂੰ ਹਾਥਰਸ ਪੀੜਤਾ ਦੇ ਹੱਕ ’ਚ ਬੋਲਣ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਕਿਹਾ, ‘ਹਾਥਰਸ ਘਟਨਾ ਪ੍ਰਤੀ ਸਰਕਾਰ ਦਾ ਵਤੀਰਾ ਅਣਮਨੁੱਖੀ ਤੇ ਅਨੈਤਿਕ ਹੈ। ਉਹ ਪਰਿਵਾਰ ਦੀ ਮਦਦ ਕਰਨ ਦੀ ਥਾਂ ਅਪਰਾਧੀਆਂ ਨੂੰ ਸੁਰੱਖਿਆ ਦੇਣ ’ਚ ਮਸਰੂਫ਼ ਹਨ।’ ਉਨ੍ਹਾਂ ਟਵੀਟ ਕੀਤਾ, ‘ਚਲੋ ਇੱਕ ਕਦਮ ਤਬਦੀਲੀ ਵੱਲ ਵਧਾਈਏ ਤੇ ਦੇਸ਼ ਦੀਆਂ ਮਹਿਲਾਵਾਂ ਖ਼ਿਲਾਫ਼ ਹੋ ਰਹੀ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਈਏ।’ ਉਨ੍ਹਾਂ ਕਿਹਾ, ‘ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਨੂੰ ਹਾਥਰਸ ਪੀੜਤਾ ਦੇ ਪਰਿਵਾਰ ਨਾਲ ਮਿਲਣ ਤੋਂ ਕਿਉਂ ਰੋਕਿਆ ਗਿਆ।’ ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਉਹ ਪੀੜਤ ਪਰਿਵਾਰ ਨੂੰ ਮਿਲ ਕੇ ਆਏ ਹਨ ਉਦੋਂ ਤੋਂ ਪੀੜਤ ਪਰਿਵਾਰ ’ਤੇ ਹਮਲੇ ਵੱਧ ਗਏ। ਹਨ। ਉਨ੍ਹਾਂ ਕਿਹਾ, ‘ਅਪਰਾਧੀਆਂ ਦੀ ਮਦਦ ਕਰਨੀ ਤੇ ਉਨ੍ਹਾਂ ਨੂੰ ਸੁਰੱਖਿਆ ਦੇਣੀ ਸਰਕਾਰ ਦਾ ਕੰਮ ਨਹੀਂ ਹੈ ਬਲਕਿ ਅਪਰਾਧੀਆਂ ਨੂੰ ਜੇਲ੍ਹਾਂ ’ਚ ਸੁੱਟਣਾ ਤੇ ਪੀੜਤਾਂ ਨੂੰ ਇਨਸਾਫ਼ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।’ ਇਸੇ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ’ਚ ਵਾਧਾ ਹੋ ਰਿਹਾ ਹੈ ਅਤੇ ਸੱਚ ਤੇ ਪੀੜਤ ਮਹਿਲਾਵਾਂ ਦੀ ਗੱਲ ਸੁਣਨ ਦੀ ਥਾਂ ਉਲਟਾ ਉਨ੍ਹਾਂ ’ਤੇ ਹੀ ਦੋਸ਼ ਮੜ੍ਹੇ ਜਾ ਰਹੇ ਹਨ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਇਹ ਕਾਇਰਾਨਾ ਵਰਤਾਰਾ ਹੈ।’ -ਪੀਟੀਆਈ