ਨਵੀਂ ਦਿੱਲੀ, 19 ਸਤੰਬਰ
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਲੋਕਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ਨੂੰ ਬਕਾਇਆ ਦੇਣ ਅਤੇ ਮਹਿੰਗਾਈ ਨੂੰ ਕਾਬੂ ਕਰਨ ਸਣੇ ਕਈ ਮਾਮਲਿਆਂ ਵਿੱਚ ‘ਨਾਕਾਮ’ ਰਹੀ ਹੈ।
ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ, ਪਰ ਉਹ ਲਗਾਤਾਰ ‘ਝੂਠ, ਝੂਠ ਤੇ ਹੋਰ ਝੂਠ’ ਬੋਲ ਰਹੀ ਹੈ। ਉਹ ਐਤਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਟਿੱਪਣੀ ਦਾ ਹਵਾਲਾ ਦੇ ਰਹੇ ਸਨ ਕਿ ਉੱਤਰ ਪ੍ਰਦੇਸ਼ ਦੰਗਿਆਂ ਤੋਂ ਮੁਕਤ ਰਿਹਾ ਅਤੇ ਪਿਛਲੇ ਸਮੇਂ ਤੋਂ ਭਲਾਈ ਸਕੀਮਾਂ ਦਾ ਲਾਭ ਸਿੱਧੇ ਤੌਰ ’ਤੇ ਯੋਗ ਲੋਕਾਂ ਨੂੰ ਮੁਹੱਈਆ ਕਰਵਾ ਕੇ ਬਦਲਾਅ ਦੇਖਿਆ ਗਿਆ। ਹਿੰਦੀ ਵਿੱਚ ਟਵੀਟ ਕਰਦਿਆਂ ਗਾਂਧੀ ਨੇ ਕਿਹਾ, ‘ਲੱਖਾਂ ਲੋਕਾਂ ਨੂੰ ਨੌਕਰੀਆਂ ਦੇਣ ਅਤੇ ਖਾਲੀ ਅਸਾਮੀਆਂ ਭਰਨ, ਕਿਸਾਨਾਂ ਨੂੰ ਗੰਨਾ, ਕਣਕ, ਝੋਨਾ, ਆਲੂ ਦਾ ਬਕਾਇਆ ਦੇਣ, ਬਿਜਲੀ ਦੀਆਂ ਕੀਮਤਾਂ ਘਟਾਉਣ, ਮਹਿੰਗਾਈ ਨੂੰ ਕਾਬੂ ਕਰਨ ਵਿੱਚ ਯੂਪੀ ਸਰਕਾਰ ਅਸਫ਼ਲ ਸਾਬਤ ਹੋਈ।’ ਇੱਕ ਹੋਰ ਟਵੀਟ ਵਿੱਚ, ਉਸ ਨੇ ਦੋਸ਼ ਲਾਇਆ, ‘ਭਾਜਪਾ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ਕੀ ਬਣਾਇਆ, ਕੁਪੋਸ਼ਣ ਵਿੱਚ ਅੱਵਲ, ਅਗਵਾ ਦੀਆਂ ਵਾਰਦਾਤਾਂ ਤੇ ਅਪਰਾਧਾਂ ਵਿੱਚ ਅੱਵਲ, ਕਤਲ ਦੇ ਮਾਮਲਿਆਂ ਵਿੱਚ ਅੱਵਲ, ਦਲਿਤਾਂ ਵਿਰੁੱਧ ਅੱਤਿਆਚਾਰਾਂ ਵਿੱਚ ਅੱਵਲ।’ -ਪੀਟੀਆਈ