ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਫਰਵਰੀ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਗੰਨਾ ਉਤਪਾਦਨ ਕਰਨ ਵਾਲਾ ਵੱਡਾ ਰਾਜ ਹੋਣ ਦੇ ਬਾਵਜੂਦ 2017 ਤੋਂ ਭਾਜਪਾ ਦੇ ਸੱਤਾ ’ਚ ਆਉਣ ਮਗਰੋਂ ਗੰਨੇ ਦੀ ਕੀਮਤ ਵਿੱਚ ਸਿਰਫ਼ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਰੋਜ਼ਾਨਾ ਵੱਧ ਰਹੀ ਹੈ ਪਰ ਗੰਨੇ ਦਾ ਰੇਟ ਨਹੀਂ ਵਧਿਆ। ਗੰਨੇ ਦੀ ਫਸਲ ਅੱਧੀ ਤੋਂ ਵੱਧ ਮਿੱਲਾਂ ਤੱਕ ਪਹੁੰਚਣ ਤੋਂ ਬਾਅਦ ਸਰਕਾਰ ਨੇ ਰੇਟ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਗੰਨਾ ਮਿੱਲਾਂ ਸਮੇਂ ਸਿਰ ਕਿਸਾਨਾਂ ਨੂੰ ਅਦਾਇਗੀ ਨਹੀਂ ਕਰ ਰਹੀਆਂ ਜਦਕਿ ਸਰਕਾਰ ਨੇ 14 ਦਿਨਾਂ ਅੰਦਰ ਅਦਾਇਗੀ ਨਾ ਹੋਣ ’ਤੇ ਕਿਸਾਨ ਨੂੰ ਵਿਆਜ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ।
ਟਿਕੈਤ ਨੇ ਕਿਹਾ ਕਿ ਹੁਣ ਉਹ ਮਹਾਰਾਸ਼ਟਰ ਅਤੇ ਕਰਨਾਟਕ ਦੇ ਨਾਲ-ਨਾਲ ਦੇਸ਼ ਦੇ ਸਾਰੇ ਰਾਜਾਂ ਵਿਚ ਜਾ ਕੇ ਉੱਥੇ ਮਹਾਪੰਚਾਇਤਾਂ ਕਰਨਗੇ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਗੰਨਾ ਕਾਸ਼ਤਕਾਰਾਂ ਅਤੇ ਮਹਾਰਾਸ਼ਟਰ ਵਿੱਚ ਨਰਮਾ ਕਾਸ਼ਤਕਾਰਾਂ ਦੀ ਇੱਕ ਲਹਿਰ ਹੈ।
ਟਿਕੈਤ ਨੇ ਬੱਚਿਆਂ ਨੂੰ ਪੜ੍ਹਾਇਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਸੋਮਵਾਰ ਨੂੰ ਗਾਜ਼ੀਪੁਰ ਸਰਹੱਦ ’ਤੇ ਇੱਕ ਐੱਨਜੀਓ ਵੱਲੋਂ ਚਲਾਈ ਜਾ ਰਹੀ ਸਾਵਿੱਤਰੀਬਾਈ ਫੂਲੇ ਪਾਠਸ਼ਾਲਾ ਪਹੁੰਚੇ। ਉਨ੍ਹਾਂ ਇੱਥੇ ਬੱਚਿਆਂ ਨੂੰ ਨਾ ਸਿਰਫ ਸਿਖਾਇਆ, ਬਲਕਿ ਡੇਢ ਮਹੀਨੇ ਤੋਂ ਬੱਚਿਆਂ ਨੇ ਇਸ ਸਕੂਲ ’ਚੋਂ ਕੀ ਸਿੱਖਿਆ, ਉਹ ਵੀ ਪੁੱਛਿਆ। ਸਕੂਲ ਵਿੱਚ, ਆਸ ਪਾਸ ਦੀਆਂ ਕਲੋਨੀਆਂ ਵਿੱਚ ਰਹਿੰਦੇ 90 ਬੱਚਿਆਂ ਨੂੰ ਦਾਖਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਰੋਜ਼ ਦੋ ਸ਼ਿਫਟਾਂ ਵਿੱਚ ਪੜ੍ਹਾਇਆ ਜਾਂਦਾ ਹੈ।