ਲਖਨਊ, 7 ਮਾਰਚ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ਲਈ ਵੋਟਿੰਗ ਦੌਰਾਨ ਸੋਮਵਾਰ ਨੂੰ 56.77 ਫੀਸਦੀ ਪੋਲਿੰਗ ਦਰਜ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਖੇਤਰ ਵਾਰਾਣਸੀ ਸਮੇਤ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ਤਹਿਤ ਅੱਜ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋ ਗਈ ਸੀ। ਚੋਣ ਕਮਿਸ਼ਨ ਨੇ ਦੱਸਿਆ 7ਵੇਂ ਗੇੜ ਦੌਰਾਨ 56.77 ਫ਼ੀਸਦ ਪੋਲਿੰਗ ਦਰਜ ਹੋਈ ਹੈ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲ ਨੇ ਦੱਸਿਆ ਸੀ ਕਿ ਸੱਤਵੇਂ ਗੇੜ ਵਿੱਚ ਸਵੇਰੇ 11 ਵਜੇ ਤਕ 22 ਫੀਸਦੀ ਪੋਲਿੰਗ ਦਰਜ ਹੋਈ ਸੀ। ਇੱਕ ਚੋਣ ਅਧਿਕਾਰੀ ਨੇ ਦੱਸਿਆ ਹੇ ਕਿ ਚੋਣ ਕਮਿਸ਼ਨ ਦੀ ‘ਵੋਟਰ ਟਰਨਆਊਟ’ ਐਪਲੀਕੇਸ਼ਨ ਮੁਤਾਬਕ 56.77 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਬਾਅਦ ਦੁਪਹਿਰ ਤਿੰਨ ਵਜੇ ਤੱਕ 46 ਫ਼ੀਸਦ ਜਦਕਿ ਸ਼ਾਮ 5 ਵਜੇ ਤੱਕ 54.18 ਫ਼ੀਸਦ ਪੋਲਿੰਗ ਦਰਜ ਹੋਈ ਸੀ। ਉਨ੍ਹਾਂ ਦੱਸਿਆ ਕਿ ਆਖਰੀ ਅੰਕੜੇ ਮੰਗਲਵਾਰ ਨੂੰ ਉਪਲੱਬਧ ਹੋਣਗੇ। ਸੱਤਵੇਂ ਗੇੜ ਵਿੱਚ 2.06 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਯੋਗ ਸਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਚੋਣ ਅਮਲ ਮੁਕੰਮਲ ਹੋ ਗਿਆ। ਪੰਜ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਧਾਨ ਸਭਾ ਲਈ ਪਈਆਂ ਵੋਟਾਂ ਗਿਣਤੀ 10 ਮਾਰਚ ਨੂੰ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ। -ਏਜੰਸੀ
56.77