ਵਾਰਾਨਸੀ (ਯੂਪੀ), 12 ਨਵੰਬਰ
ਦੋ ਰੋਜ਼ਾ ਫੇਰੀ ਤਹਿਤ ਵਾਰਾਨਸੀ ਪੁੱਜੇ ਅਮਿਤ ਸ਼ਾਹ ਨੇ ਅੱਜ ਇਥੇ ਅਗਾਮੀ ਅਸੈਂਬਲੀ ਚੋਣਾਂ ਨੂੰ ਲੈ ਕੇ ਯੂਪੀ ਦੇ 403 ਅਸੈਂਬਲੀ ਹਲਕਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਸ਼ਾਹ ਭਲਕੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਦੇ ਸੰਸਦੀ ਹਲਕੇ ਆਜ਼ਮਗੜ੍ਹ ਜਾਣਗੇ, ਜਿੱਥੇ ਉਹ ਸੂਬਾਈ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ ਤੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
ਵਾਰਾਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਹਲਕਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਤੇ ਭਾਜਪਾ ਦੇ ਯੂਪੀ ਮਾਮਲਿਆਂ ਦੇ ਇੰਚਾਰਜ ਧਰਮੇਂਦਰ ਪ੍ਰਧਾਨ, ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਤੇ ਪਾਰਟੀ ਦੇ ਸੂਬਾਈ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕੇਂਦਰੀ ਮੰਤਰੀ ਨੂੰ ਜੀ ਆਇਆਂ ਆਖਿਆ। ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਸ਼ਾਹ ਨੇ ਲੰਕਾ ਚੌਰਾਹੇ ’ਤੇ ਪੁੱਜ ਕੇ ਪੰਡਿਤ ਮਦਨ ਮੋਹਨ ਮਾਲਵੀਆ ਦੇ ਬੁੱਤ ’ਤੇ ਫੁੱਲ ਮਾਲਾਵਾਂ ਚੜ੍ਹਾਈਆਂ ਤੇ ਮਗਰੋਂ ਉਹ ਹਸਤਕਲਾ ਸੰਕੁਲ ਵੀ ਗਏ। ਮੀਟਿੰਗ ਵਿੱਚ ਯੂਪੀ ਦੇ 403 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੋਂ ਇਲਾਵਾ ਜ਼ਿਲ੍ਹਾ ਤੇ ਖੇਤਰੀ ਪੱਧਰ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ। ਪਿਛਲੇ ਪੰਦਰਾ ਦਿਨਾਂ ਅੰਦਰ ਸ੍ਰੀ ਸ਼ਾਹ ਦੀ ਯੂਪੀ ਦੀ ਇਹ ਦੂਜੀ ਫੇਰੀ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ 29 ਅਕਤੂਬਰ ਨੂੰ ਸੂਬਾਈ ਰਾਜਧਾਨੀ ਵਿੱਚ ਭਾਜਪਾ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕੀਤਾ ਸੀ। ਸ੍ਰੀ ਸ਼ਾਹ ਨੇ ਉਦੋਂ ਸਾਫ਼ ਕਰ ਦਿੱਤਾ ਸੀ ਕਿ ਅਗਾਮੀ ਚੋਣਾਂ ਵਿੱਚ ਭਾਜਪਾ ਲਈ ਯੋਗੀ ਆਦਿੱਤਿਆਨਾਥ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਸ ਤੋਂ ਪਹਿਲਾਂ ਪੁਲੀਸ ਨੇ ਅੱਜ 50 ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਾਂਗਰਸੀ ਵਰਕਰ ਭਾਜਪਾ ਦੇ ਸਮਾਗਮਾਂ ਲਈ ਸਰਕਾਰੀ ਇਮਾਰਤਾਂ ਦੀ ਕਥਿਤ ਦੁਰਵਰਤੋਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਡੀਸੀਪੀ ਪ੍ਰਬਲ ਪ੍ਰਤਾਬ ਸਿੰਘ ਨੇ ਕਿਹਾ ਕਿ ਅਮਨ ਸ਼ਾਂਤੀ ਭੰਗ ਕਰਨ ਦੇ ਸ਼ੱਕ ਵਿੱਚ 50 ਤੋਂ ਵਧ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਾਬਕਾ ਕਾਂਗਰਸੀ ਵਿਧਾਇਕ ਅਜੈ ਰਾਏ ਨੇ ਕਿਹਾ ਕਿ ਭਾਜਪਾ ਵੱਲੋਂ ਆਪਣੇ ਪਾਰਟੀ ਸਮਾਗਮਾਂ ਲਈ ਦੇਸ਼ ਤੇ ਸੂਬੇ ਦੀਆਂ ਸਰਕਾਰੀ ਇਮਾਰਤਾਂ ਦੀ ਕਥਿਤ ਦੁਰਵਰਤੋਂ ਕੀਤੀ ਜਾ ਰਹੀ ਹੈ। -ਪੀਟੀਆਈ