ਬਾਰਾਬੰਕੀ (ਯੂਪੀ), 25 ਜੁਲਾਈ
ਮੁੱਖ ਅੰਸ਼
- ਮੋਦੀ ਵੱਲੋੋਂ ਸੂਬਾ ਸਰਕਾਰ ਨੂੰ ਪੀੜਤਾਂ ਦੀ ਢੁੱਕਵੀਂ ਮਦਦ ਯਕੀਨੀ ਬਣਾਉਣ ਦੀ ਹਦਾਇਤ
ਇਥੇ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਅੱਜ ਸਵੇਰੇ ਬਿਹਾਰ ਦੇ ਸੀਤਾਮੜ੍ਹੀ ਤੋਂ ਆ ਰਹੀ ਡਬਲ ਡੈੱਕਰ ਬੱਸ ਨੇ ਐੱਕਸਪ੍ਰੈਸਵੇਅ ’ਤੇ ਖੜ੍ਹੀ ਇਕ ਹੋਰ ਡਬਲ ਡੈੱਕਰ ਬੱਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅੱਠ ਵਿਅਕਤੀ ਹਲਾਕ ਹੋ ਗਏ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਬਾਰਾਬੰਕੀ ਦੇ ਵਧੀਕ ਐੱਸਪੀ ਮਨੋਜ ਪਾਂਡੇ ਨੇ ਦੱਸਿਆ ਕਿ ਇਹ ਹਾਦਸਾ ਲੋਨੀ ਕਤਰਾ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਨਰੇਂਦਰਪੁਰ ਮਦਰਾਹਾ ਨੇੜੇ ਵਾਪਰਿਆ। ਪੁਲੀਸ ਨੂੰ ਸ਼ੱਕ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹੈਦਰਗੜ੍ਹ ਦੇ ਜਨ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਗੰਭੀਰ ਜ਼ਖ਼ਮੀਆਂ ਨੂੰ ਲਖਨਊ ਦੇ ਟਰੌਮਾ ਸੈਂਟਰ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਫੂਲਪਾਰਾਸ ਦੇ ਸਿੱਧ ਨਰਾਇਣ ਝਾਅ (75), ਮਧੂਬਨੀ ਦੇ ਸ਼ਿਵਧਾਰੀ ਸੱਦਾਮ (42), ਸੁਬੋਧ (24) ਤੇ ਸਮੱਸੁਦੀਨ (17), ਸਮਸਤੀਪੂਰ ਦੇ ਓਮ ਪ੍ਰਕਾਸ਼ ਰਾਏ (33), ਸੀਤਾਮੜ੍ਹੀ ਦੀ ਸਪਨਾ ਦੇਵੀ (33), ਕਮਲੇਸ਼ ਕੁਮਾਰ (23) ਤੇ ਆਦਿੱਤਿਆ ਕੁਮਾਰ (12) ਵਜੋਂ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਸੂਬਾ ਸਰਕਾਰ ਨੂੰ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਨ ਦੀ ਹਦਾਇਤ ਕੀਤੀ ਹੈ। -ਪੀਟੀਆਈ
ਨਿਤੀਸ਼ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦਾ ਦੇਣ ਐਲਾਨ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇੱਥੇ ਉੱਤਰ ਪ੍ਰਦੇਸ਼ ਹਾਦਸੇ ਦੌਰਾਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਲਈ ਦੋ-ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿੱਚ ਨਿਤੀਸ਼ ਕੁਮਾਰ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। -ਪੀਟੀਆਈ