ਪ੍ਰਯਾਗਰਾਜ (ਯੂਪੀ), 21 ਅਕਤੂਬਰ
ਮੁੱਖ ਅੰਸ਼
- ਪੀੜਤ ਦੀ ਮੌਤ ਮਗਰੋਂ ਹਸਪਤਾਲ ਸੀਲ
- ਉਪ ਮੁੱਖ ਮੰਤਰੀ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ
ਯੂਪੀ ਵਿੱਚ ਇੱਕ ਨਿੱਜੀ ਹਸਪਤਾਲ ਨੇ ਡੇਂਗੂ ਦੇ ਮਰੀਜ਼ ਨੂੰ ਖੂਨ ਦੇ ਪਲੇਟਲੈੱਟਸ ਦੀ ਬਜਾਏ ਕਥਿਤ ਤੌਰ ’ਤੇ ਫਲਾਂ ਦਾ ਜੂਸ ਚੜ੍ਹਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮਾਮਲੇ ਦਾ ਪਤਾ ਲੱਗਣ ’ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕਥਿਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਯੂਪੀ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੇ ਨਿਰਦੇਸ਼ਾਂ ’ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਮਰੀਜ਼ ਪ੍ਰਦੀਪ ਪਾਂਡੇ ਦੀ ਸਿਹਤ ਵਿਗੜਨ ਮਗਰੋਂ ਉਸ ਨੂੰ ਕਿਸੇ ਹੋਰ ਹਸਪਤਾਲ ਭੇਜ ਦਿੱਤਾ ਗਿਆ। ਹਾਲੇ ਤੱਕ ਪੁਲੀਸ ਕੋਲ ਕੋਈ ਕੇਸ ਦਰਜ ਨਹੀਂ ਕਰਵਾਇਆ। ਪ੍ਰਾਈਵੇਟ ਹਸਪਤਾਲ ਦੇ ਮਾਲਕ ਨੇ ਦਾਅਵਾ ਕੀਤਾ ਕਿ ਪਲੇਟਲੈੱਟਸ ਕਿਸੇ ਹੋਰ ਸਿਹਤ ਸੰਸਥਾ ਤੋਂ ਲਿਆਂਦੇ ਗਏ ਸਨ ਤੇ ਤਿੰਨ ਯੂਨਿਟਾਂ ਚੜ੍ਹਾਉਣ ਤੋਂ ਬਾਅਦ ਮਰੀਜ਼ ਦੀ ਸਿਹਤ ਵਿਗੜ ਗਈ। ਉਪ ਮੁੱਖ ਮੰਤਰੀ ਪਾਠਕ ਨੇ ਟਵੀਟ ਕੀਤਾ, ‘‘ ਡੇਂਗੂ ਦੇ ਮਰੀਜ਼ ਨੂੰ ਪਲੇਟਲੈੱਟਸ ਦੀ ਥਾਂ ਜੂਸ ਚੜ੍ਹਾਉਣ ਵਾਲੇ ਹਸਪਤਾਲ ਦੀ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ, ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਪਲੇਟਲੈੱਟਸ ਪੈਕਟ ਜਾਂਚ ਲਈ ਭੇਜੇ ਗਏ ਹਨ।’’ ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ’ਤੇ ਹਸਪਤਾਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ