ਅਲੀਗੜ੍ਹ, 17 ਅਗਸਤ
ਪ੍ਰਸਿੱਧ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਲੇ ਸ਼ਹਿਰ ਅਲੀਗੜ੍ਹ ਦਾ ਨਾਂ ਬਦਲ ਕੇ ਜਲਦੀ ਹੀ ਹਰੀਗੜ੍ਹ ਰੱਖਿਆ ਜਾ ਸਕਦਾ ਹੈ। ਜ਼ਿਲ੍ਹਾ ਪੰਚਾਇਤ ਨੇ ਨਾਂ ਬਦਲਣ ਬਾਰੇ ਇਕ ਤਜਵੀਜ਼ ਯੂਪੀ ਸਰਕਾਰ ਨੂੰ ਭੇਜੀ ਹੈ। ਨਵੀਂ ਚੁਣੀ ਗਈ ਜ਼ਿਲ੍ਹਾ ਪੰਚਾਇਤ ਨੇ ਅਲੀਗੜ੍ਹ ਦਾ ਨਾਂ ਬਦਲਣ ਬਾਰੇ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਜ਼ਿਲ੍ਹਾ ਪੰਚਾਇਤ ਦੇ ਚੇਅਰਮੈਨ ਵਿਜੈ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਲੀਗੜ੍ਹ ਨੂੰ ਹਰੀਗੜ੍ਹ ਕਰਨ ਬਾਰੇ ਮਤਾ ਪਾਸ ਕਰ ਕੇ ਸੂਬਾ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਉੱਤਰ ਪ੍ਰਦੇਸ਼ ਕਸ਼ਤਰੀਆ ਮਹਾਸਭਾ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸ਼ੈਲੇਂਦਰ ਪਾਲ ਸਿੰਘ ਨੇ ਇਕ ਮਤਾ ਜ਼ਿਲ੍ਹਾ ਪੰਚਾਇਤ ਅੱਗੇ ਪੇਸ਼ ਕੀਤਾ ਸੀ ਜਿਸ ਵਿਚ ਨਾਂ ਬਦਲਣ ਦੀ ਮੰਗ ਕੀਤੀ ਗਈ ਸੀ। ਇਸ ਬਾਰੇ ਆਖ਼ਰੀ ਫ਼ੈਸਲਾ ਰਾਜ ਸਰਕਾਰ ਵੱਲੋਂ ਲਿਆ ਜਾਵੇਗਾ। ਇਸ ਤੋਂ ਪਹਿਲਾਂ ਫਿਰੋਜ਼ਾਬਾਦ ਦਾ ਨਾਂ ਬਦਲਣ ਬਾਰੇ ਵੀ ਮਤਾ ਪਾਸ ਕੀਤਾ ਗਿਆ ਸੀ। ਜ਼ਿਲ੍ਹਾ ਪੰਚਾਇਤ ਦਾ ਕਹਿਣਾ ਹੈ ਕਿ ਇਹ ਮੰਗ ਲੰਮੇ ਸਮੇਂ ਤੋ ਲਟਕ ਰਹੀ ਹੈ। ਇਸ ਤੋਂ ਪਹਿਲਾਂ ਸਥਾਨਕ ਭਾਜਪਾ ਆਗੂ ਅਲੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਭਾਜਪਾ ਆਗੂ ਕਲਿਆਣ ਸਿੰਘ ਦੇ ਨਾਂ ਉਤੇ ਰੱਖਣ ਬਾਰੇ ਵੀ ਮਤਾ ਪਾਸ ਕਰ ਚੁੱਕੇ ਹਨ। ਕਲਿਆਣ ਸਿੰਘ ਇੱਥੋਂ ਦੇ ਹੀ ਰਹਿਣ ਵਾਲੇ ਸਨ ਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਮੈਨਪੁਰੀ ਵਿਚ ਵੀ ਜ਼ਿਲ੍ਹਾ ਪੰਚਾਇਤ ਨੇ ਇਕ ਮਤਾ ਪਾਸ ਕੀਤਾ ਹੈ ਜਿਸ ਵਿਚ ਮੈਨਪੁਰੀ ਦਾ ਨਾਂ ਬਦਲ ਕੇ ਮਯਨ ਨਗਰ ਰੱਖਣ ਦੀ ਮੰਗ ਕੀਤੀ ਗਈ ਹੈ। ਮੈਨਪੁਰੀ ਦੀ ਸਥਾਪਨਾ ਮਯਨ ਸੰਤ ਨੇ ਕੀਤੀ ਸੀ। ਮੈਨਪੁਰੀ ਸਮਾਜਵਾਦੀ ਪਾਰਟੀ ਦਾ ਗੜ੍ਹ ਹੈ ਤੇ ਮੁਲਾਇਮ ਸਿੰਘ ਯਾਦਵ ਇਸ ਹਲਕੇ ਤੋਂ ਪੰਜ ਵਾਰ ਜਿੱਤ ਚੁੱਕੇ ਹਨ। ਫਿਰੋਜ਼ਾਬਾਦ ਦਾ ਨਾਂ ਬਦਲ ਕੇ ਚੰਦਰ ਨਗਰ ਰੱਖਣ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। -ਆਈਏਐਨਐੱਸ