ਲਖਨਊ, 28 ਅਪਰੈਲ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਰਾਜ ਦੇ ਹਰ ਨੌਜਵਾਨ ਨੂੰ ਮੁਫ਼ਤ ਸਮਾਰਟਫੋਨ ਤੇ ਟੈਬਲੇਟ ਦੇ ਕੇ ‘ਡਿਜੀਟਲ ਭਾਰਤ’ ਦਾ ਸੁਫ਼ਨਾ ਸੱਚ ਕਰਨ ਲਈ ਪ੍ਰਤੀਬੱਧ ਹੈ। ਉਹ ਇੱਥੇ ਡਾ. ਸ਼ੰਕੁਤਲਾ ਮਿਸ਼ਰਾ ਕੌਮੀ ਮੁੜ ਵਸੇਬਾ ਯੂਨੀਵਰਸਿਟੀ ’ਚ 886 ਵਿਦਿਆਰਥੀਆਂ ਨੂੰ ਸਮਾਰਟ ਫੋਨ ਤੇ ਟੈਬਲੇਟ ਵੰਡਣ ਸਬੰਧੀ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇੱਥੇ ਯੂਨੀਵਰਸਿਟੀ ’ਚ ਨਵੇਂ ਇੰਜਨੀਅਰਿੰਗ ਤੇ ਟੈਕਨਾਲੌਜੀ ਵਿਭਾਗ ਦਾ ਨੀਂਹ ਪੱਥਰ ਵੀ ਰੱਖਿਆ।
ਉਨ੍ਹਾਂ ਕਿਹਾ, ‘ਸਾਨੂੰ ਸਮੇਂ ਅਨੁਸਾਰ ਚੱਲਣਾ ਹੋਵੇਗਾ ਤੇ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨਾ ਲਈ ਖੁਦ ਨੂੰ ਤਿਆਰ ਕਰਨਾ ਪਵੇਗਾ। ਕੋਵਿਡ-19 ਮਹਾਮਾਰੀ ਦੌਰਾਨ ਸਿੱਖਿਆ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ’ਚੋਂ ਇੱਕ ਸੀ ਜਦੋਂ ਆਮ ਕਲਾਸਾਂ, ਪ੍ਰੀਖਿਆਵਾਂ ਤੇ ਪ੍ਰੈਕਟੀਕਲ ਸਭ ਰੋਕ ਦਿੱਤੇ ਗਏ ਸਨ।’ ਉਨ੍ਹਾਂ ਕਿਹਾ, ‘ਉਸੇ ਸਮੇਂ ਮੈਂ ਇੱਕ ਕਰੋੜ ਵਿਦਿਆਰਥੀਆਂ ਨੂੰ ਸਮਾਰਟਫੋਨ ਤੇ ਟੈਬਲੇਟ ਦੇਣ ਦਾ ਫ਼ੈਸਲਾ ਕੀਤਾ ਸੀ ਤਾਂ ਜੋ ਉਨ੍ਹਾਂ ਦੀ ਪਹੁੰਚ ਆਨਲਾਈਨ ਕਲਾਸਾਂ ਤੱਕ ਬਣੀ ਰਹੇ ਤੇ ਉਹ ਇਸ ਦੀ ਵਰਤੋਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਕਰਨ।’ ਉਨ੍ਹਾਂ ਕਵੀ ਸੂਰਦਾਸ ਜੋ ਦੇਖ ਨਹੀਂ ਸਕਦੇ ਸਨ, ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਸੇ ਨੂੰ ਉਸ ਦੇ ਰੂਪ ਤੋਂ ਨਹੀਂ ਬਲਕਿ ਗੁਣ ਤੋਂ ਪਛਾਣਨਾ ਚਾਹੀਦਾ ਹੈ।
ਮੁੱਖ ਮੰਤਰੀ ਵਜੋਂ ਦੂਜੀ ਵਾਰ ਸਹੁੰ ਚੱਕਣ ਮਗਰੋਂ ਯੋਗੀ ਪਹਿਲੀ ਵਾਰ ਵਿਦਿਆਰਥੀਆਂ ਨੂੰ ਸਮਾਰਟਫੋਨ/ ਟੈਬਲੇਟ ਵੰਡ ਰਹੇ ਸਨ। ਉਨ੍ਹਾਂ 25 ਦਸੰਬਰ 2021 ਨੂੰ ਲਖਨਊ ’ਚ ਕਰਵਾਏ ਇੱਕ ਸਮਾਗਮ ’ਚ ਟੈਬਲੇਟ ਵੰਡਣ ਦੀ ਸ਼ੁਰੂਆਤ ਕੀਤੀ ਸੀ। -ਪੀਟੀਆਈ