ਬਲੀਆ: ਉੱਤਰ ਪ੍ਰਦੇਸ਼ ਦੇ ਇਕ ਭਾਜਪਾ ਆਗੂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਯੂਪੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖੇਤੀ ਕਾਨੂੰਨ ਵਾਪਸ ਲੈ ਸਕਦੀ ਹੈ। ਯੂਪੀ ਭਾਜਪਾ ਵਰਕਿੰਗ ਕਮੇਟੀ ਦੇ ਮੈਂਬਰ ਰਾਮ ਇਕਬਾਲ ਸਿੰਘ ਨੇ ਐਤਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਵਿਧਾਨ ਸਭਾ ਚੋਣਾਂ ਤੇ ਕਿਸਾਨਾਂ ਦੇ ਰੋਸ ਨੂੰ ਧਿਆਨ ਵਿਚ ਰੱਖਦਿਆਂ, ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਲੈ ਸਕਦੀ ਹੈ।’ ਰਾਮ ਇਕਬਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਕਾਰਨ ਭਾਜਪਾ ਆਗੂ ਪੱਛਮੀ ਯੂਪੀ ਦੇ ਕਿਸੇ ਪਿੰਡ ਵਿਚ ਦਾਖਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਿਸਾਨ ਭਾਜਪਾ ਆਗੂਆਂ ਦਾ ਘਿਰਾਓ ਕਰਨਗੇ। ਪੈਗਾਸਸ ਮੁੱਦੇ ਬਾਰੇ ਪੁੱਛੇ ਜਾਣ ’ਤੇ ਭਾਜਪਾ ਆਗੂ ਨੇ ਕਿਹਾ ਕਿ ਵਿਰੋਧੀ ਧਿਰ ਦੀਆਂ ਮੰਗਾਂ ਨੂੰ ਲੋਕਤੰਤਰਿਕ ਮੁਲਕ ਵਿਚ ਸੁਣਿਆ ਜਾਣਾ ਚਾਹੀਦਾ ਹੈ। ਜੇਕਰ ਵਿਰੋਧੀ ਧਿਰ ਜਾਂਚ ਚਾਹੁੰਦੀ ਹੈ ਤਾਂ ਸਰਕਾਰ ਨੂੰ ਕਰਵਾਉਣੀ ਚਾਹੀਦੀ ਹੈ। -ਪੀਟੀਆਈ