ਨਵੀਂ ਦਿੱਲੀ, 16 ਮਈ
ਕੇਂਦਰ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਕੰਢਿਆਂ ’ਤੇ ਲਾਸ਼ਾਂ ਨਾ ਦਫਨਾਉਣ। ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਲਾਸ਼ਾਂ ਦਾ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਜਾਵੇ। ਇਹ ਹਦਾਇਤਾਂ ਉਸ ਸਮੇਂ ਜਾਰੀ ਹੋਈਆਂ ਹਨ ਜਦੋਂ ਕਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਮੌਤ ਮਗਰੋਂ ਇਨ੍ਹਾਂ ਦਰਿਆਵਾਂ ’ਚ ਲਾਸ਼ਾਂ ਵਹਿੰਦੀਆਂ ਦੇਖੀਆਂ ਗਈਆਂ ਸਨ। ਕੇਂਦਰ ਨੇ ਕੱਲ ਅਤੇ ਅੱਜ ਕੀਤੀਆਂ ਗਈਆਂ ਨਜ਼ਰਸਾਨੀ ਮੀਟਿੰਗਾਂ ਮਗਰੋਂ ਕਿਹਾ ਹੈ ਕਿ ਗੰਗਾ ਅਤੇ ਹੋਰ ਸਹਾਇਕ ਨਦੀਆਂ ’ਚ ਅੰਸ਼ਕ ਤੌਰ ’ਤੇ ਸੜੀਆਂ ਜਾਂ ਗਲੀਆਂ-ਸੜੀਆਂ ਲਾਸ਼ਾਂ ਸੁੱਟਣ ਦੇ ਮਾਮਲੇ ਸਾਹਮਣੇ ਆਏ ਹਨ ਜੋ ਚਿੰਤਾਜਨਕ ਹਨ। ਜਲ ਸ਼ਕਤੀ ਮੰਤਰਾਲੇ ਨੇ ਕਿਹਾ ਕਿ ‘ਨਮਾਮੀ ਗੰਗੇ’ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲਾਸ਼ਾਂ ਦੀ ਇੰਜ ਬੇਹੁਰਮਤੀ ਨਾ ਹੋਣ ਦੇਣ।
ਪ੍ਰਦੇਸ਼ਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਸਿਹਤ ਵਿਭਾਗਾਂ ਨਾਲ ਮਿਲ ਕੇ ਜਲ ਦੀ ਗੁਣਵੱਤਾ ’ਤੇ ਨਜ਼ਰ ਰੱਖਣ। ਮੰਤਰਾਲੇ ਨੇ ਕਿਹਾ ਕਿ ਅੰਤਿਮ ਸੰਸਕਾਰਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਇਹ ਨਿਰਦੇਸ਼ ਸਵੱਛ ਗੰਗਾ ਬਾਰੇ ਕੌਮੀ ਮਿਸ਼ਨ ਦੇ ਡਾਇਰੈਕਟਰ ਜਨਰਲ ਰਾਜੀਵ ਰੰਜਨ ਮਿਸ਼ਰਾ ਵੱਲੋਂ ਜ਼ਿਲ੍ਹਾ ਮੈਜਿਸਟਰੇਟਾਂ ਨੂੰ 11 ਮਈ ਨੂੰ ਜਾਰੀ ਕੀਤੇ ਗਏ ਹਨ। ਅਗਲੇ ਦਿਨ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਗਿਆ ਕਿ ਉਹ ਦਰਿਆਵਾਂ ’ਚ ਲਾਸ਼ਾਂ ਸੁੱਟਣ ਦੇ ਮਾਮਲਿਆਂ ’ਤੇ ਰੋਕ ਲਾਉਣ ਅਤੇ ਕੋਵਿਡ-19 ਪੀੜਤਾਂ ਦੇ ਸਸਕਾਰ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਯਕੀਨੀ ਬਣਾਉਣ। ਪੱਤਰ ’ਚ ਸੂਬਿਆਂ ਨੂੰ ਸਸਕਾਰ ਲਈ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਦੇ ਨਾਲ ਨਾਲ ਉਸ ਦੇ ਰੇਟ ਵੀ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਸਸਕਾਰ ਲਈ ਪੰਚਾਇਤੀ ਰਾਜ ਵਿਭਾਗ ਵੱਲੋਂ ਪੰਜ ਹਜ਼ਾਰ ਰੁਪਏ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਮਿਸ਼ਰਾ ਨੇ ਕਿਹਾ ਕਿ ਯੂਪੀ ਦੇ ਉਨਾਓ, ਕਾਨਪੁਰ ਦਿਹਾਤੀ, ਗਾਜ਼ੀਪੁਰ ਤੇ ਬਲੀਆ ਅਤੇ ਬਿਹਾਰ ਦੇ ਬਕਸਰ ਤੇ ਸਾਰਨ ਜ਼ਿਲ੍ਹਿਆਂ ’ਚ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਸਹਾਇਤਾ ਦੇਣ ਅਤੇ ਹਮਦਰਦੀ ਜਤਾਉਣ ਦੀ ਲੋੜ ਵੀ ਹੈ। ਜਲ ਸ਼ਕਤੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਨਮਾਮੀ ਗੰਗੇ ਤਹਿਤ 13 ਸ਼ਮਸ਼ਾਨਘਾਟ ਲਾਸ਼ਾਂ ਦੇ ਸਸਕਾਰ ਲਈ ਉਪਲੱਬਧ ਹਨ। ਪ੍ਰਦੇਸ਼ ਆਫ਼ਤ ਰਿਸਪਾਂਸ ਬਲ ਅਤੇ ਹੋਰ ਬਲਾਂ ਨੂੰ ਗਸ਼ਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਲਾਸ਼ਾਂ ਦੀ ਬੇਕਦਰੀ ਨਾ ਕਰ ਸਕੇ। -ਪੀਟੀਆਈ